ਸਿਰਜਣਾ ਕੇਂਦਰ ਦੀ ਸਰਬਸੰਮਤੀ ਨਾਲ ਹੋਈ ਚੋਣ, ਕੰਵਰ ਇਕਬਾਲ ਪ੍ਰਧਾਨ, ਸ਼ਹਿਬਾਜ਼ ਖ਼ਾਨ ਜਨਰਲ ਸਕੱਤਰ ਚੁਣੇ ਗਏ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਾਹਿਤਕ ਸਰਗਰਮੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਣ ਵਾਲੀ ਕਪੂਰਥਲਾ ਜ਼ਿਲ੍ਹੇ ਦੀ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ ਦਾ ਜਨਰਲ ਇਜਲਾਸ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ। ਇਸ ਇਜਲਾਸ ਵਿੱਚ ਸਭਾ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕੀਤੀ ਗਈ ਜੋ ਕਿ ਆਉਣ ਵਾਲੇ ਸਮੇਂ ਦੌਰਾਨ ਸਭਾ ਦੀਆਂ ਗਤੀਵਿਧੀਆਂ ਕਰਵਾਉਣਗੇ। ਇਸ ਸਮੇਂ ਉੱਤੇ ਮੌਜੂਦ ਮੈਂਬਰਾਂ ਨੇ ਸਰਬਸੰਮਤੀ ਨਾਲ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਪ੍ਰਧਾਨ ਅਤੇ ਸ਼ਹਿਬਾਜ਼ ਖ਼ਾਨ ਨੂੰ ਜਨਰਲ ਸਕੱਤਰ ਵਜੋਂ ਚੁਣਿਆ।

Advertisements

 ਕੇਂਦਰ ਦੇ ਸਾਬਕਾ ਪ੍ਰਧਾਨ ਡਾ. ਆਸਾ ਸਿੰਘ ਘੁੰਮਣ ਅਤੇ ਜਨਰਲ ਸਕੱਤਰ ਰੌਸ਼ਨ ਖੈੜਾ (ਸਟੇਟ ਐਵਾਰਡੀ) ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਜਣਾ ਕੇਂਦਰ ਕਪੂਰਥਲਾ ਇੱਕ ਅਜਿਹੀ ਸਾਹਿਤਕ ਸਭਾ ਹੈ ਜਿਸਨੇ ਨਾ ਸਿਰਫ਼ ਪੰਜਾਬ ਪੱਧਰ ਉੱਤੇ ਸਗੋਂ ਅੰਤਰ ਰਾਸ਼ਟਰੀ ਪੱਧਰ ਉੱਤੇ ਵੀ ਆਪਣਾ ਖ਼ੂਬ ਨਾਮ ਬਣਾਇਆ ਹੈ। ਪਿਛਲੀ ਟੀਮ ਨੇ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਉੱਤੇ ਚਾਨਣਾ ਪਾਇਆ। ਜ਼ਿਕਰਯੋਗ ਹੈ ਕਿ ਸਿਰਜਣਾ ਕੇਂਦਰ ਕਪੂਰਥਲਾ, ਪੰਜਾਬ ਭਵਨ ਕੈਨੇਡਾ ਨਾਲ ਪਰਸਪਰ ਸਾਂਝ ਸਦਕਾ ਸਾਹਿਤਕ ਖੇਤਰ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। 

ਮਾਰਚ 2023 ਤੋਂ ਨਵੀਂ ਚੁਣੀ ਗਈ ਟੀਮ ਨੇ ਆਪਣੀਆਂ ਜ਼ਿੰਮੇਵਾਰੀਆਂ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਸਭਾ ਦੀਆਂ ਜੜ੍ਹਾਂ ਨੂੰ ਸਾਹਿਤ ਜਗਤ ਵਿੱਚ ਹੋਰ ਮਜ਼ਬੂਤ ਕਰਨ ਦਾ ਯਕੀਨ ਦਵਾਇਆ। ਇਸ ਸਮੇਂ ਚੰਨ ਮੋਮੀ, ਸੁਰਜੀਤ ਸਾਜਨ, ਰਤਨ ਸਿੰਘ ਸੰਧੂ, ਕੇਵਲ ਸਿੰਘ ਰੱਤੜਾ,ਡਾ.ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਮਲਕੀਤ ਸਿੰਘ “ਮੀਤ”, ਸੁਖਵਿੰਦਰ ਮੋਹਨ ਸਿੰਘ ਭਾਟੀਆ, ਡਾ. ਹਰਪ੍ਰੀਤ ਸਿੰਘ ਹੁੰਦਲ, ਬਹਾਦਰ ਸਿੰਘ ਬੱਲ, ਗੁਰਦੀਪ ਗਿੱਲ, ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਮਨਜਿੰਦਰ ਕਮਲ ਅਤੇ ਸ਼ਾਇਰਾ ਨਿਧੀ ਸ਼ਰਮਾ ਹਾਜ਼ਰ ਸਨ। ਮੌਕੇ ‘ਤੇ ਹਾਜ਼ਰ ਹੋਏ ਕਵੀਆਂ ਦਾ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ। ਅੰਤ ਵਿੱਚ ਨਵ ਨਿਯੁਕਤ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਭ ਸਾਥੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here