ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚੋਂ ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ: ਸਾਕਸ਼ੀ ਸਾਹਨੀ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਖਰੀਦੀ ਕਣਕ ਦੀ ਫ਼ਸਲ ਦੀ ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ ਹੈ। ਜ਼ਿਲ੍ਹੇ ਦੀਆਂ ਮੰਡੀਆਂ ‘ਚੋਂ ਰੋਜ਼ਾਨਾ 25 ਤੋਂ 30 ਹਜ਼ਾਰ ਮੀਟ੍ਰਿਕ ਟਨ ਜਿਣਸ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਣਕ ਦੀ ਖਰੀਦ ਤੇ ਲਿਫਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਪਣੀ ਰੋਜ਼ਾਨਾ ਦੀ ਮੀਟਿੰਗ ‘ਚ ਕੀਤਾ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਪਟਿਆਲਾ ਮੰਡੀ ਤੇ ਲੰਗ ਵਿਖੇ ਸਥਿਤ ਨਿਜੀ ਗੁਦਾਮ ਦਾ ਦੌਰਾ ਕਰਕੇ ਖਰੀਦ ਤੇ ਲਿਫਟਿੰਗ ਦਾ ਜਾਇਜ਼ਾ ਵੀ ਲਿਆ।

Advertisements

ਡਿਪਟੀ ਕਮਿਸ਼ਨਰ ਨੇ ਐਫ.ਸੀ.ਆਈ. ਅਧਿਕਾਰੀਆਂ ਨਾਲ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ ਕਰਨ ਲਈ ਕੀਤੀ ਮੀਟਿੰਗ ਮੌਕੇ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਮੁੜ ਸ਼ੁਰੂ ਹੋਏ ਨਿਜੀ (ਪੀ.ਈ.ਜੀ.) ਗੁਦਾਮਾਂ ਨੂੰ ਵਰਤੋਂ ‘ਚ ਲਿਆਉਣ ਸਮੇਤ ਕਣਕ ਦੀਆਂ ਸਪੈਸ਼ਲ ਟ੍ਰੇਨਾਂ ਭਰਕੇ ਭੇਜਣ ‘ਚ ਹੋਰ ਤੇਜੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਨਿਜੀ ਉਦਮੀਆਂ ਦੇ ਡੇਢ ਦਰਜਨ ਦੇ ਕਰੀਬ ਗੁਦਾਮਾਂ (ਪੀ.ਈ.ਜੀ.) ਵਿੱਚ ਕਣਕ ਦਾ ਭੰਡਾਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ, ਇਸ ਨਾਲ ਲਿਫਟਿੰਗ ਦੇ ਕੰਮ ‘ਚ ਹੋਰ ਤੇਜੀ ਆਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਭਰ ‘ਚੋਂ ਪਟਿਆਲਾ ਜ਼ਿਲ੍ਹੇ ਅੰਦਰ ਕਣਕ ਦੀ ਸਭ ਤੋਂ ਵਧ ਆਮਦ ਦਰਜ ਕੀਤੀ ਗਈ ਹੈ। ਜ਼ਿਲ੍ਹੇ ‘ਚ ਬੀਤੀ ਸ਼ਾਮ ਤੱਕ 6 ਲੱਖ 39 ਹਜ਼ਾਰ 349 ਮੀਟ੍ਰਿਕ ਟਨ ਦੀ ਆਮਦ ਹੋਈ ਤੇ ਇਸ ‘ਚੋਂ 6 ਲੱਖ 29 ਹਜ਼ਾਰ 341 ਕਣਕ ਦੀ ਖਰੀਦ ਕਰਕੇ ਕਿਸਾਨਾਂ ਨੂੰ 1025.74 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਲਿਫਟਿੰਗ ‘ਚ ਪਟਿਆਲਾ ਜ਼ਿਲ੍ਹਾ 153761 ਮੀਟ੍ਰਿਕ ਟਨ ਲਿਫਟਿੰਗ ਦੀ ਮਾਤਰਾ ਵਿੱਚ ਸੂਬੇ ਭਰ ‘ਚੋਂ ਦੂਜੇ ਸਥਾਨ ‘ਤੇ ਹੈ।

ਸਾਕਸ਼ੀ ਸਾਹਨੀ ਨੇ ਸਮੂਹ ਐਸ.ਡੀ.ਐਮਜ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ, ਜ਼ਿਲ੍ਹਾ ਮੰਡੀ ਅਫ਼ਸਰ ਸਮੇਤ ਸਾਰੀਆਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਉਹ ਖਰੀਦੀ ਕਣਕ ਦੀ ਲਿਫਟਿੰਗ ‘ਚ ਤੇਜੀ ਲਿਆਉਣ ਲਈ ਨਿਜੀ ਤੌਰ ‘ਤੇ ਮੰਡੀਆਂ ‘ਚ ਜਾਣ ਅਤੇ ਜਿੱਥੇ ਕਿਤੇ ਕੋਈ ਮੁਸ਼ਕਿਲ ਹੈ ਉਹ ਤੁਰੰਤ ਦੂਰ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਿਸੇ ਵੀ ਕਿਸਾਨ ਨੂੰ ਆਪਣੀ ਜਿਣਸ ਵੇਚਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ‘ਚ ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here