ਨੈਸ਼ਨਲ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਨੇ ਜ਼ਿਲ੍ਹਾ ਤੇ ਬਲਾਕ ਪੱਧਰ ‘ਤੇ ਕੀਤੀਆਂ ਜਾਗਰੂਕਤਾ ਗਤੀਵਿਧੀਆਂ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਨੈਸ਼ਨਲ ਡੇਂਗੂ ਦਿਵਸ ਨੂੰ ਮੌਕੇ ਲੋਕਾਂ ਵਿੱਚ ਡੇਂਗੂ ਦੀ ਬਿਮਾਰੀ ਬਾਰੇ ਜਾਗਰੂਕਤਾ ਲਿਆਉਣ ਲਈ ਸਿਹਤ ਵਿਭਾਗ ਵੱਲੋਂ ਅੱਜ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਹਸਪਤਾਲ ਬੱਬਰੀ (ਗੁਰਦਾਸਪੁਰ) ਵਿਖੇ ਨੈਸ਼ਨਲ ਡੇਂਗੂ ਦਿਵਸ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਏ.ਐੱਨ.ਐੱਮ ਅਤੇ ਜੀ.ਐੱਨ.ਐੱਮ ਸਕੂਲ ਦੇ ਵਿਦਿਆਰਥੀਆਂ, ਸਿਹਤ ਵਿਭਾਗ ਦੇ ਅਮਲੇ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਦੌਰਾਨ ਬੱਚਿਆਂ ਦੇ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਡੇਂਗੂ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ।

Advertisements

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸ.ਐੱਮ.ਓ. ਡਾ. ਚੇਤਨਾ ਨੇ ਦੱਸਿਆ ਕਿ ਸਿਵਲ ਹਸਪਤਾਲ ਬੱਬਰੀ ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ ਦੇ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਉਣ ਵਾਸਤੇ ਕਪੜੇ ਅਜਿਹੇ ਪਹਿਨਣੇ ਚਾਹੀਦੇ ਹਨ, ਜਿਸ ਨਾਲ ਸ਼ਰੀਰ ਪੂਰੀ ਤਰਾਂ੍ਹ ਢਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ। ਉਨ੍ਹਾਂ ਕਿਹਾ ਕਿ ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਸਭ ਤੋਂ ਜਰੂਰੀ ਇਹ ਹੈ ਕਿ ਪਾਣੀ ਨੂੰ ਕਿਤੇ ਵੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਕਿ ਮੱਛਰ ਦੀ ਬ੍ਰੀਡਿੰਗ ਹੀ ਨਾ ਹੋ ਸਕੇ।

ਜਿਲ੍ਹਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਡੇਂਗੂ ਬਿਮਾਰੀ ਦੇ ਆਮ ਲੱਛਣ ਜਿਵੇਂ ਕਿ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਜੀਅ ਕੱਚਾ ਹੋਣਾ, ਉਲਟੀਆਂ ਦਾ ਆਉਣਾ, ਹਾਲਤ ਖਰਾਬ ਹੋਣ ‘ਤੇ ਨੱਕ, ਮੁੰਹ ਅਤੇ ਮਸੂੜਿਆਂ ਵਿਚੋਂ ਖੂਨ ਵਗਣਾ ਆਦਿ ਲੱਛਣ ਹਨ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਖੂਨ ਦੀ ਜਾਂਚ ਕਰਕੇ ਡੇਂਗੂ ਦੀ ਬਿਮਾਰੀ ਦਾ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ।

ਡਾ. ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ ਡੇਂਗੂ ਨੂੰ ਠੱਲ ਪਾਉਣ ਦਾ ਪਹਿਲਾ ਕਦਮ ਸਾਡੇ ਆਪਣੇ ਘਰਾਂ ਦੀ ਸਾਫ-ਸਫਾਈ ਹੈ। ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਫਰਿੱਜਾਂ ਦੀਆਂ ਟ੍ਰੇਆਂ, ਗਲਮੇ, ਪਾਣੀ ਦੀਆਂ ਟੈਂਕੀਆਂ, ਛੱਤਾਂ ਤੇ ਰੱਖੇ ਪਾਣੀ ਵਾਲੇ ਬਰਤਨਾਂ ਨੂੰ ਖਾਲੀ ਕਰਕੇ ਸੁਕਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਲੇ੍ਹ ਵਿਚ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਵਾਸਤੇ ਸਿਹਤ ਵਿਭਾਗ ਗਤੀਵਿਧੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਘਰ ਜਾਂ ਦਫਤਰ ਦੇ ਵਿਚ ਏਡੀਜ ਦਾ ਲਾਰਵਾ ਮਿਲਦਾ ਹੈ ਤਾਂ ਸਬੰਧਤ ਨੂੰ 500 ਰੁਪਏ ਤੱਕ ਦਾ ਚਲਾਨ ਵੀ ਕੀਤਾ ਜਾ ਸਕਦਾ ਹੈ।

ਸ੍ਰੀਮਤੀ ਪਰਮਜੀਤ ਕੌਰ, ਪਿ੍ਰੰਸੀਪਲ ਏ.ਐਨ.ਐਮ. ਅਤੇ ਜੀ.ਐਨ.ਐਮ. ਬੱਬਰੀ ਨੇ ਵੀ ਡੇਂਗੂ ਤੋਂ ਬਚਾਅ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਨੈਸ਼ਨਲ ਡੇਂਗੂ ਡੇਅ ਦੇ ਸਬੰਧ ਵਿਚ ਕਰਵਾਏ ਗਏ ਪੋਸਟਰ ਮੁਕਾਬਲਿਆਂ ਵਿਚ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਤੇ ਡਾ. ਮਮਤਾ, ਮੈਡੀਕਲ ਅਫਸਰ ਡਾ. ਵੰਦਨਾ, ਐਪੀਡਿਮਾਲੋਜਿਸਟ, ਸ੍ਰੀਮਤੀ ਰੀਟਾ, ਨਰਸਿੰਗ ਸਿਸਟਰ, ਸ੍ਰੀਮਤੀ ਮਿੰਨੀ, ਸ਼ਿਵ ਚਰਨ, ਰਛਪਾਲ ਸਿੰਘ (ਏ.ਐਮ.ਓ.), ਮਲੇਰੀਆ ਸ਼ਾਖਾ ਦੇ ਹੈਲਥ ਵਰਕਰ ਜੋਬਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਚਰਨ ਸਿੰਘ, ਹਰਵੰਤ ਸਿੰਘ ਆਦਿ ਹਾਜਰ ਹੋਏ।

LEAVE A REPLY

Please enter your comment!
Please enter your name here