ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਭਰ ਵਿਚ ਪੋਲਿੰਗ ਅਮਲੇ ਦੀ ਹੋਈ ਪਹਿਲੀ ਰਿਹਰਸਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੋਕ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹੇ ਦੇ 8200 ਦੇ ਕਰੀਬ ਪੋਲਿੰਗ ਅਮਲੇ ਦੀ ਵਿਧਾਨ ਸਭਾ ਹਲਕਾ ਪੱਧਰ ’ਤੇ ਸਬੰਧਤ ਏ. ਆਰ. ਓਜ਼ ਦੀ ਨਿਗਰਾਨੀ ਹੇਠ ਪਹਿਲੀ ਰਿਹਰਸਲ ਕਰਵਾਈ ਗਈ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਵਿਖੇ ਹੁਸ਼ਿਆਰਪੁਰ ਅਤੇ ਚੱਬੇਵਾਲ ਹਲਕੇ ਦੇ ਪੋਲਿੰਗ  ਅਮਲੇ ਦੀ ਰਿਹਰਸਲ ਦਾ ਜਾਇਜ਼ਾ ਲਿਆ।
  ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਪੈਂਦੇ 7 ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਅਮਲੇ ਦੀ ਰਿਹਰਸਲ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟਾਫ ਦੀ ਰਿਹਰਸਲ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਵਿਖੇ, ਮੁਕੇਰੀਆਂ ਦੀ ਐਸ. ਪੀ. ਐਨ ਕਾਲਜ ਮੁਕੇਰੀਆਂ, ਦਸੂਹਾ ਦੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦਸੂਹਾ, ਉੜਮੁੜ ਦੀ ਸਰਕਾਰੀ ਕਾਲਜ ਟਾਂਡਾ, ਸ਼ਾਮ ਚੌਰਾਸੀ ਦੀ ਆਈ. ਟੀ. ਆਈ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਵਾਲੇ ਪੋਲਿੰਗ ਅਮਲੇ ਵਿਚ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੋਲਿੰਗ  ਸਟਾਫ ਨੂੰ ਚੋਣ ਪ੍ਰਕਿਰਿਆ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

Advertisements

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੋਲਿੰਗ ਪਾਰਟੀਆਂ ਨੂੰ ਵੋਟਿੰਗ ਵਾਲੇ ਦਿਨ ਹੋਣ ਵਾਲੀ ਇਕ-ਇਕ ਕਾਰਵਾਈ ਦਾ ਪਤਾ ਹੋਣਾ ਚਾਹੀਦਾ ਹੈ, ਇਸ ਲਈ ਡੰਮੀ ਮਸ਼ੀਨ ਰਾਹੀਂ ਵੋਟਿੰਗ ਦੇ ਸਮੁੱਚੇ ਪ੍ਰੋਸੈੱਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਕ ਪੋਲਿੰਗ ਪਾਰਟੀ ਵਿਚ ਇਕ ਪ੍ਰੀਜ਼ਾਈਡਿੰਗ ਅਫ਼ਸਰ, ਇਕ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਦੋ ਪੋਲਿੰਗ ਅਫ਼ਸਰ ਹੁੰਦੇ ਹਨ ਅਤੇ ਹਰੇਕ ਦਾ ਆਪੋ-ਆਪਣਾ ਕੰਮ ਹੁੰਦਾ ਹੈ। ਇਸ ਮੌਕੇ ਮਾਸਟਰ ਟ੍ਰੇਨਰਾਂ ਵੱਲੋਂ ਪੋਲਿੰਗ  ਅਮਲੇ ਨੂੰ ਟ੍ਰੇਨਿੰਗ ਦਿੱਤੀ ਗਈ।
  ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ. ਡੀ. ਐਮ-ਕਮ-ਏ. ਆਰ. ਓ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਤਹਿਸੀਲਦਾਰ ਹੁਸ਼ਿਆਰਪੁਰ ਗੁਰਸੇਵਕ ਚੰਦ, ਕਾਨੂੰਗੋ ਚੋਣਾਂ ਦੀਪਕ ਕੁਮਾਰ ਤੇ ਹਰਪ੍ਰੀਤ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here