ਸਨਾਤਨ ਧਰਮ ਕਾਲਜ ਦੇ ਵਿਦਿਆਰਥੀ ਚਿਲਡਰਨ ਹੋਮ ਅਤੇ ਹੋਮ ਫਾਰ ਏਜਡ ਐਂਡ ਇਨਫਰਮ ਵਿਖੇ ਕਰਨਗੇ ਵੱਖ-ਵੱਖ ਗਤੀਵਿਧੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਿਚਕਾਰ ਇਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਗਏ। ਇਸ ਤਹਿਤ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੁਆਰਾ ਚਲਾਏ ਜਾ ਰਹੇ ਚਿਲਡਰਨ ਹੋਮ ਫਾਰ ਬੁਆਏਜ਼ ਤੇ ਹੋਮ ਫਾਰ ਏਜਡ ਐਂਡ ਇਨਫਰਮ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਵਿਚ ਸਮੇਂ-ਸਮੇਂ ਵਿਜ਼ਿਟ ਕੀਤੀ ਜਾਵੇਗੀ ਜਿਸ ਤਹਿਤ ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ ਦੇ ਲਈ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵੱਲੋਂ ਵਿਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ,ਸੰਚਾਰ ਹੁਨਰ, ਕਲਾ ਅਤੇ ਸ਼ਿਲਪਕਾਰੀ ਆਦਿ ਗਤੀਵਿਧੀਆਂ ਕੀਤੀਆਂ ਜਾਣਗੀਆਂ ਅਤੇ ਵੱਖ-ਵੱਖ ਤਿਉਹਾਰ ਵੀ ਬੱਚਿਆਂ ਦੇ ਨਾਲ ਮਨਾਏ ਜਾਣਗੇ। ਇਸ ਨਾਲ ਹੋਮ ਦੇ ਸਹਿਵਾਸੀ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਮਦਦ ਮਿਲੇਗੀ।

Advertisements

ਇਸੇ ਤਰ੍ਹਾਂ ਹੀ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਹੋਮ ਫਾਰ ਏਜਡ ਐਂਡ ਇਨਫਰਮ ਵਿਚ ਵੀ ਸਹਿਵਾਸੀਆਂ ਦੇ ਨਾਲ ਸਮੇਂ-ਸਮੇਂ ਤੇ ਵੱਖ-ਵੱਖ ਤਿਉਹਾਰ  ਮਨਾਏ ਜਾਣਗੇ ਅਤੇ ਸੰਸਥਾ ਵੱਲੋ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਕੋਈ ਵੀ ਸਹਿਵਾਸੀ ਆਪਣੇ ਆਪ ਨੂੰ ਸਮਾਜ ਵਿਚ ਇੱਕਲਾ ਮਹਿਸੂਸ ਨਾ ਕਰੇ ਅਤੇ ਉਨ੍ਹਾਂ ਸਮੱਸਿਆਵਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਇਕ ਨਿਵੇਕਲੀ ਪਹਿਲ ਹੈ। ਇਸ ਪ੍ਰੋਗਰਾਮ ਦੇ ਤਹਿਤ ਜ਼ਿਲ੍ਹੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਉਤਸ਼ਾਹ ਮਿਲੇਗਾ ਅਤੇ ਸਰਕਾਰ ਦੁਆਰਾ ਚਲਾਏ ਜਾ ਰਹੇ ਅਜਿਹੇ ਹੋਮਾਂ ਦੇ ਸਹਿਵਾਸੀਆਂ ਲਈ ਵੀ ਇਹ ਪ੍ਰੋਗਰਾਮ ਬੇਹੱਦ ਲਾਭਕਾਰੀ ਹੋਵੇਗਾ। ਇਸ ਮੌਕੇ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਤੋਂ ਪ੍ਰਿੰਸੀਪਲ ਪ੍ਰਸ਼ਾਂਤ ਸੇਠੀ, ਮੈਡਮ ਮੋਨਿਕਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹੁਸ਼ਿਆਰਪੁਰ ਅਮਰਜੀਤ ਸਿੰਘ ਭੁੱਲਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here