ਦੇਸ਼ ਦੀਆਂ ਸਰਹੱਦਾਂ ਦੀ ਦਿਨ-ਰਾਤ ਰਾਖੀ ਕਰਦੇ ਜਵਾਨਾਂ ‘ਤੇ ਦੇਸ਼ਵਾਸੀਆਂ ਨੂੰ ਮਾਣ: ਜੌੜਾਮਾਜਰਾ

ਸਮਾਣਾ/ਪਟਿਆਲਾ, (ਦ ਸਟੈਲਰ ਨਿਊਜ਼)। ਅਰੁਣਾਚਲ ਪ੍ਰਦੇਸ਼ ਵਿਖੇ ਚੀਨ ਦੀ ਸਰਹੱਦ ਉਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ, ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਸਮਾਣਾ ਹਲਕੇ ਦੇ ਪਿੰਡ ਰੰਧਾਵਾ ਨਿਵਾਸੀ ਅਤੇ ਭਾਰਤੀ ਫ਼ੌਜ ਦੇ ਨੌਜਵਾਨ ਸੈਨਿਕ ਸਹਿਜਪਾਲ ਸਿੰਘ (27 ਸਾਲ) ਦੀ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਸਮੇਤ ਧਾਰਮਿਕ, ਸਿਆਸੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿੱਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

Advertisements

ਪਿੰਡ ਰੰਧਾਵਾ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਜਵਾਨ ਸਹਿਜਪਾਲ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਏ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਦਿਨ ਰਾਤ ਰਾਖੀ ਕਰਦੇ ਜਵਾਨਾਂ ‘ਤੇ ਪੂਰੇ ਦੇਸ਼ਵਾਸੀਆਂ ਨੂੰ ਮਾਣ ਹੈ, ਤੇ ਸ਼ਹੀਦ ਜਵਾਨ ਸਹਿਜਪਾਲ ਸਿੰਘ ਦੀ ਕੁਰਬਾਨੀ ਨੌਜਵਾਨਾਂ ‘ਚ ਦੇਸ਼ ਭਗਤੀ ਦਾ ਹੋਰ ਜ਼ਜਬਾ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਸਹਿਜਪਾਲ ਸਿੰਘ ਦੇ ਭਾਰਤੀ ਫ਼ੌਜ ‘ਚ ਜਾਣ ਤੋਂ ਬਾਅਦ ਇਲਾਕੇ ਦੇ ਹੋਰ ਕਈ ਨੌਜਵਾਨ ਅਤੇ ਸਹਿਜਪਾਲ ਸਿੰਘ ਦਾ ਛੋਟਾ ਭਰਾ ਵੀ ਇਨ੍ਹਾਂ ਦੀ ਪ੍ਰੇਰਨਾ ਸਦਕਾ ਦੇਸ਼ ਸੇਵਾ ਲਈ ਫ਼ੌਜ ‘ਚ ਭਰਤੀ ਹੋਇਆ। ਉਨ੍ਹਾਂ ਆਪਣੇ ਅਖਤਿਆਰੀ ਫ਼ੰਡ ਵਿਚੋਂ ਸ਼ਹੀਦ ਜਵਾਨ ਦੀ ਯਾਦ ਵਿੱਚ ਪਿੰਡ ਅੰਦਰ ਯਾਦਗਾਰ ਬਣਾਉਣ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਜਿਕਰਯੋਗ ਹੈ ਕਿ 15 ਮਾਰਚ 1996 ਨੂੰ ਪਿਤਾ ਅਮਰਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਪੈਦਾ ਹੋਇਆ ਜਵਾਨ ਸਹਿਜਪਾਲ ਸਿੰਘ ਭਾਰਤੀ ਫ਼ੌਜ ‘ਚ 22 ਦਸੰਬਰ 2015 ਨੂੰ ਭਰਤੀ ਹੋਇਆ ਸੀ, ਸਿਖਲਾਈ ਪੂਰੀ ਕਰਨ ਤੋਂ ਬਾਅਦ ਉਸਨੇ 20 ਪੰਜਾਬ ਰੈਜੀਮੈਂਟ ਜੁਆਇਨ ਕੀਤੀ ਸੀ ਅਤੇ ਮੌਜੂਦਾ ਤਾਇਨਾਤੀ ਅਰੁਣਾਚਲ ਪ੍ਰਦੇਸ਼ ਵਿਖੇ ਕਿਬਿੱਥੂ ਪਿੰਡ ਨੇੜੇ ਚੀਨ ਸਰਹੱਦ ‘ਤੇ ਸੀ ਅਤੇ ਉਹ ਬੀਤੇ ਦਿਨੀਂ ਚਾਇਨਾ ਬਾਰਡਰ ‘ਤੇ ਆਪਣੇ ਸਾਥੀਆਂ ਨਾਲ ਗਸ਼ਤ ਕਰ ਰਿਹਾ ਸੀ, ਜਿੱਥੇ ਉਹ ਸ਼ਹੀਦ ਹੋ ਗਿਆ।

ਸ਼ਹੀਦ ਦੇ ਪਿਤਾ ਅਮਰਜੀਤ ਸਿੰਘ, ਮਾਤਾ ਪਰਮਜੀਤ ਕੌਰ ਤੇ ਭਰਾ ਅੰਮ੍ਰਿਤਪਾਲ ਸਿੰਘ ਜੋਕਿ 17 ਪੰਜਾਬ ਰੈਜਿਮੈਂਟ ਵਿਖੇ ਸੇਵਾ ਨਿਭਾ ਰਿਹਾ ਹੈ, ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਸਹਿਜਪਾਲ ਸਿੰਘ ਦੀ ਸ਼ਹਾਦਤ ਉਤੇ ਮਾਣ ਹੈ।
ਅੰਤਿਮ ਅਰਦਾਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਸੁਰਜੀਤ ਸਿੰਘ ਫ਼ੌਜੀ, ਹਰਜਿੰਦਰ ਸਿੰਘ, ਹਰਦਮ ਸਿੰਘ, ਸੁਰਜੀਤ ਸਿੰਘ, ਸਤਵਿੰਦਰ ਸਿੰਘ, ਨੈਬ ਸੂਬੇਦਾਰ ਰਣਜੀਤ ਸਿੰਘ, ਰਣਜੋਧ ਸਿੰਘ ਅਤੇ ਕਸ਼ਮੀਰ ਸਿੰਘ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here