ਕੈਂਸਰ ਮਰੀਜ਼ ਡਾਕਟਰੀ ਇਲਾਜ਼ ਤੋਂ ਜਿਆਦਾ ਕਰ ਰਹੇ ਹਨ ਦੇਸੀ ਦਵਾਈਆਂ ਅਤੇ ਸਿਆਣਿਆਂ ਵੱਲ ਰੁੱਖ ਜੋਕਿ ਗੰਭੀਰ ਸਮੱਸਿਆ: ਵਿਸ਼ੇਸ਼ ਖੇੜਾ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ- ਨਰੇਸ਼ ਕੌੜਾ। ਕੈਂਸਰ ਇੱਕ ਅਜਿਹੀ ਬਿਮਾਰੀ ਹੈ, ਜੇਕਰ ਕਿਸੇ ਵਿਅਕਤੀ ਨੂੰ ਪਤਾ ਚੱਲ ਜਾਵੇ ਕਿ ਉਹ ਕੈਂਸਰ ਨਾਲ ਪੀੜਤ ਹੈ, ਉਸ ਨੂੰ ਸ਼ਮਸ਼ਾਨਘਾਟ ਵਿਖਣ ਲੱਗ ਜਾਂਦਾ ਹੈ । ਪੰਜਾਬ ਦੇ ਪੇਂਡੂ ਏਰੀਆ ਵਿੱਚ ਇਸ ਸਮੱਸਿਆ ਨੇ ਹੋਰ ਵੀ ਗੰਭੀਰ ਰੂਪ ਧਾਰਿਆ ਹੋਇਆ ਹੈ । ਇਸ ਬਿਮਾਰੀ ਦਾ ਮਹਿੰਗਾ ਅਤੇ ਲੰਮਾ ਚੱਲਣ ਵਾਲਾ ਇਲਾਜ ਇਸ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਹੋਰ ਵੀ ਬਿਮਾਰ ਕਰ ਦਿੰਦਾ ਹੈੂ । ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਮੋਗਾ ਦੇ ਉੱਘੇ ਸਮਾਜ ਸੇਵੀ ਵਿਸ਼ੇਸ਼ ਖੇੜਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਇਸ ਬਿਮਾਰੀ ਨੂੰ ਲੈ ਕੇ ਜੋ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ , ਉਹ ਇਹ ਹੈ ਕਿ ਕੈਂਸਰ ਤੋਂ ਪੀੜਤ ਮਰੀਜ਼ ਡਾਕਟਰੀ ਇਲਾਜ ਤੋਂ ਪਰਹੇਜ਼ ਕਰ ਕੇ ਦੇਸੀ ਦਵਾਈਆਂ ਅਤੇ ਸਿਆਣਿਆਂ ਵੱਲ਼ ਰੁੱਖ ਕਰ ਰਹੇ ਹਨ, ਜੋ ਕਿ ਇਸ ਬਿਮਾਰੀ ਨੂੰ ਲਾਇਲਾਜ ਬਣਾ ਦਿੰਦਾ ਹੈ ।

Advertisements

ਵਿਸ਼ੇਸ਼ ਖੇੜਾ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ, ਸੰਗਰੂਰ ਅਤੇ ਕੈਪੀਟੋਲ ਹਸਪਤਾਲ,ਪਠਾਨਕੋੇਟ ਰੋਡ,ਨਜ਼ਦੀਕ ਰੇੜੂ ਚੌਂਕ, ਜਲੰਧਰ ਵਿਖੇ ਇਸ ਬਿਮਾਰੀ ਦਾ ਇਲਾਜ ਹੁੰਦੇ ਵੇਖਿਆ ਹੈ । ਇਹਨਾਂ ਹਸਪਤਾਲਾਂ ਵਿੱਚ ਔਰਤਾਂ ਮਰੀਜ਼ ਛਾਤੀ,ਬੱਚੇਦਾਨੀ ਦੇ ਮੂੰਹ ਦੇ ਕੈਂਸਰ ਅਤੇ ਓਵਰੀ ਦੇ ਕੈਂਸਰ ਤੋਂ ਪੀੜਤ ਹਨ । ਪੰਜਾਬ ਵਿੱਚ ਮਰਦ ਜਿਆਦਾਤਰ ਪੇਟ, ਗਦੂਦ, ਫੂਡ ਪਾਈਪ, ਫੇਫੜਿਆਂ ਅਤੇ ਪੈਨਕ੍ਰੀਆਸ ਦੇ ਕੈਂਸਰ ਤੋਂ ਪੀੜਤ ਹਨ । ਖੂਨ ਦਾ ਕੈਂਸਰ ਵੀ ਪੰਜਾਬ ਦੇ ਬੱਚਿਆਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ ।ਪੰਜਾਬ ਦੇ ਸਿਹਤ ਵਿਭਾਗ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ ਰੋਜ਼ਾਨਾ 18 ਵਿਅਕਤੀ ਇਸ ਬਿਮਾਰੀ ਦੀ ਚਪੇਟ ਵਿੱਚ ਆ ਰਹੇ ਹਨ ।ਜੇ.ਐਸ ਠਾਕੁਰ ਜੋ ਕਿ ਪੀ.ਜੀ.ਆਈ ਵਿਖੇ ਪ੍ਰੋਫੈਸਰ ਹਨ । ਉਹਨਾਂ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਪੰਜਾਬ ਵਿੱਚ ਫੈਲ ਰਹੇ ਕੈਂਸਰ ਤੇ ਬਹੁਤ ਹੀ ਖੋਜ ਕੀਤੀ ਜਾ ਰਹੀ ਹੈ ।

ਉਹਨਾਂ ਵੱਲੋਂ ਆਪਣੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਕੈਂਸਰ ਦੇ ਕਾਰਨ ਬਹੁਤ ਹੀ ਗੁੰਝਲਦਾਰ ਹਨ ਪਰ ਪੰਜਾਬ ਵਿੱਚ ਫੈਕਟਰੀਆਂ ਦਾ ਜ਼ਮੀਨ ਵਿੱਚ ਪੈ ਰਿਹਾ ਗੰਦਾ ਪਾਣੀ ਅਤੇ ਕੀੜੇਮਾਰ ਦਵਾਈਆਂ ਦੀ ਹੋ ਰਹੀ ਅੰਨ੍ਹੇਵਾਹ ਵਰਤੋਂ ਪੰਜਾਬ ਦੀ ਸਥਿੱਤੀ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ । ਸ਼ੇਰ ਸਿੰਘ ਵਾਲਾ ਪਿੰਡ ਦੇ ਪੰਚਾਇਤ ਮੈਂਬਰ ਮਲਕੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ 2000 ਦੀ ਵੱਸੋਂ ਵਾਲੇ ਪਿੰਡ ਵਿੱਚ ਇੱਕ ਘਰ ਛੱਡ ਕੇ ਹਰ ਘਰ ਵਿੱਚ ਕੈਂਸਰ ਦੇ ਮਰੀਜ਼ ਹਨ, ਉਸ ਦੇ ਘਰ ਕੈਂਸਰ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੋਜ਼ਾਨਾ 20 ਨਵੇਂ ਮਰੀਜ਼ ਆ ਰਹੇ ਹਨ ਅਤੇ 150 ਰੈਗੂਲਰ ਪੇਂਸ਼ੈਂਟ ਹੁੰਦੇ ਹਨ ।

ਪੰਜਾਬ ਦੀ ਮਾਲਵਾ ਬੈਲਟ ਇਸ ਬਿਮਾਰੀ ਤੋਂ ਜਿਆਦਾ ਗ੍ਰਸਿਤ ਹੈ । ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਲੀਫ ਫੰਡ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਕੈਂਸਰ ਦੇ ਇਲਾਜ ਲਈ ਮਰੀਜ਼ ਨੂੰ 1,50,000 ਰੁਪਏ ਮਿਲਦੇ ਹਨ ਅਤੇ ਭਾਰਤ ਸਰਕਾਰ ਦੀ ਆਯੂਸ਼ਮਾਨ ਕਾਰਡ ਸਕੀਮ ਤਹਿਤ 5,00,000 ਰੁਪਏ ਤੱਕ ਦਾ ਇਲਾਜ ਹੁੰਦਾ ਹੈ । ਵਿਸ਼ੇਸ਼ ਖੇੜਾ ਵੱਲੋਂ ਇਹ ਵੀ ਦੱਸਿਆ ਕਿ ਇਸ ਬਿਮਾਰੀ ਦੇ ਮੁੱਖ ਇਲਾਜ ਕੀਮੋਥੈਰੇਪੀ, ਰੇਡੀਏਸ਼ਨ, ਸਰਜਰੀ, ਹਾਰਮਨਥੈਰੇਪੀ ਆਦਿ ਹਨ । ਜੇਕਰ ਕੈਂਸਰ ਸ਼ੁਰੂਆਤੀ ਸਟੇਜ ਤੇ ਹੈ ਤਾਂ ਸਰਜਰੀ ਨਾਲ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ । ਵਿਸ਼ੇਸ਼ ਖੇੜਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੂੰ ਕੈਂਸਰ ਦੀ ਸ਼ੁਰੂਆਤੀ ਜਾਂਚ ਲਈ ਮੈਮੋਗ੍ਰਾਫੀ, ਪੈਪ ਸਮੀਅਰ ਟੈਸਟ ਆਦਿ ਦੀ ਸੁਵਿਧਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦੇਣੀ ਚਾਹੀਦੀ ਹੈ ।ਕੈਂਸਰ ਦੀ ਪੁਸ਼ਟੀ ਹੋਣ ਤੋਂ ਬਾਅਦ ਸਹੀ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ ।

LEAVE A REPLY

Please enter your comment!
Please enter your name here