ਕੋਠੀ ‘ਤੇ ਕਬਜ਼ਾ ਕਰਨ, ਨਕਦੀ, ਗਹਿਣੇ ਤੇ ਹੋਰ ਸਮਾਨ ਗਾਇਬ ਕਰਨ ਦੇ ਜੁਰਮ ‘ਚ ਏ.ਐਸ.ਆਈ. ਸਮੇਤ 16 ਵਿਰੁੱਧ ਕੇਸ ਦਰਜ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਗੌਰਵ ਮੜੀਆ ਕਪੂਰਥਲਾ ਦੇ ਥਾਣਾ ਸਿਟੀ ਪੁਲਿਸ ਨੇ ਇਕ ਬਜ਼ੁਰਗ ਔਰਤ ਦੇ ਘਰ ਵਿਚ ਧੱਕੇ ਨਾਲ ਦਾਖਲ ਹੋ ਕੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਡਰਾ ਧਮਕਾ ਕੇ ਘਰ ਦੀਆਂ ਚਾਬੀਆਂ ਲੈਣ ਤੇ ਖਾਲੀ ਪੇਪਰਾਂ ਤੇ ਦਸਤਖ਼ਤ ਕਰਨ ਲਈ ਦਬਾਅ ਪਾਉਣ ਤੇ ਘਰ ਵਿਚ ਪਈ 90 ਹਜ਼ਾਰ ਦੀ ਨਕਦੀ,10 ਤੋਲੇ ਸੋਨਾ ਤੇ 2 ਏ.ਸੀ. ਕਥਿਤ ਤੌਰ ‘ਤੇ ਗਾਇਬ ਕਰਨ ਦੇ ਆਰੋਪ ਇਕ ਏ.ਐਸ.ਆਈ. ਸਮੇਤ 16 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਰਪ੍ਰੀਤ ਸਿੰਘ ਵਾਸੀ ਅਰਬਨ ਅਸਟੇਟ ਨੇ ਥਾਣਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਮੈਂ ਆਪਣੇ ਪਰਿਵਾਰ ਨਾਲ ਇਸ ਘਰ ਵਿਚ ਰਹਿ ਰਿਹਾ ਹਾਂ ਤੇ ਬੀਤੀ 17 ਤੇ 18 ਮਈ ਨੂੰ ਥਾਣਾ ਭੁਲੱਥ ਵਿਖੇ ਸਮੇਤ ਪਰਿਵਾਰ ਮੇਰੇ ‘ਤੇ ਐਫ.ਆਈ.ਆਰ. ਦਰਜ ਹੋ ਚੁੱਕੀਆਂ ਹਨ, ਮੈਂ ਪੁਲਿਸ ਦੇ ਡਰ ਕਾਰਨ ਸਮੇਤ ਪਰਿਵਾਰ ਘਰ ਤੋਂ ਬਾਹਰ ਰਹਿ ਰਿਹਾ ਹਾਂ ਤੇ ਸਾਡੇ ਘਰ ਵਿਚ ਮੇਰੀ ਮਾਤਾ ਗੁਰਦਾਸੀ ਇਕੱਲੀ ਰਹਿੰਦੀ ਹੈ।

Advertisements

ਮੇਰੇ ਘਰ ਵਿਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹਨ ਜੋ ਮੇਰੇ ਮੋਬਾਈਲ ਨਾਲ ਅਟੈਚ ਹਨ । ਬੀਤੀ 9 ਜੂਨ ਨੂੰ  ਨਿਸ਼ਾਨ ਸਿੰਘ ਵਾਸੀ ਪਿੰਡ ਅਕਾਲਾ, ਤਹਿ -ਭੁਲੱਥ, ਗੁਰਵਿੰਦਰ ਸਿੰਘ ਵਾਸੀ ਜੋਗਿੰਦਰ ਨਗਰ ਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਸਾਡੇ ਘਰ ਆਏ ਤੇ ਡੋਰ ਬੈੱਲ ਵਜਾਈ ਪਰ ਮੇਰੀ ਮਾਤਾ ਨੇ ਦਰਵਾਜ਼ਾ ਨਹੀਂ ਖੋਲਿਆ। ਇਸੇ ਤਰ੍ਹਾਂ 10 ਜੂਨ ਨੂੰ ਦੁਬਾਰਾ ਕੁਝ ਵਿਅਕਤੀਆਂ ਨੇ ਮੇਰੇ ਘਰ ਦੀ ਰੇਕੀ ਕੀਤੀ ਤੇ 10 ਤੇ 11 ਵਜੇ ਦਰਮਿਆਨ ਫਿਰ ਡੋਰ ਬੈੱਲ ਵਜਾਈ। ਇਸੇ ਦਿਨ ਹੀ ਸਬੰਧਿਤ ਵਿਅਕਤੀ ਲਗਭਗ 1.05 ਵਜੇ ਥਾਣਾ ਸਿਟੀ ਦੇ ਏ.ਐਸ.ਆਈ. ਬਲਬੀਰ ਸਿੰਘ ਤੇ ਕੁੱਝ ਵਿਅਕਤੀਆਂ ਨਾਲ ਆਏ ਤੇ ਘਰ ਬਾਹਰ ਆ ਕਰੇ ਡੋਰ ਬੈੱਲ ਵਜਾਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸਬੰਧਿਤ ਵਿਅਕਤੀਆਂ ਨਾਲ ਇਕ ਪੁਲਿਸ ਅਧਿਕਾਰੀ ਦੇਖ ਕੇ ਮੇਰੀ ਮਾਤਾ ਨੇ ਦਰਵਾਜ਼ਾ ਖੋਲ ਦਿੱਤਾ। ਜਿਸ ‘ਤੇ ਪੁਲਿਸ ਅਧਿਕਾਰੀ ਸਬੰਧਿਤ ਵਿਅਕਤੀਆਂ ਨਾਲ ਧੱਕੇ ਨਾਲ ਘਰ ਵਿਚ ਦਾਖਲ ਹੋ ਗਏ ਤੇ ਇਨ੍ਹਾਂ ਮੇਰੀ ਮਾਤਾ ਕੋਲੋਂ ਕਥਿਤ ਤੌਰ ‘ਤੇ ਡਰਾ ਧਮਕਾ ਕੇ ਘਰ ਦੀਆਂ ਚਾਬੀਆਂ ਲੈ ਲਈਆਂ ਤੇ ਉਨ੍ਹਾਂ ‘ਤੇ ਖਾਲੀ ਪੇਪਰਾਂ/ਅਸ਼ਟਾਮਾਂ ‘ਤੇ ਦਸਤਖ਼ਤ ਕਰਨ ਲਈ ਕਥਿਤ ਤੌਰ ‘ਤੇ ਦਬਾਅ ਬਣਾਇਆ ਪਰ ਮੇਰੀ ਮਾਤਾ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਅਨਪੜ੍ਹ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਪਿੱਛੋਂ ਮੇਰੀ ਮਾਤਾ ਨੂੰ ਕਥਿਤ ਤੌਰ ‘ਤੇ ਸਬੰਧਿਤ ਵਿਅਕਤੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਕਾਰਨ ਉਹ ਡਰ ਕੇ ਘਰ ਤੋਂ ਬਾਹਰ ਨਿਕਲ ਗਈ। ਇਸੇ ਦੌਰਾਨ ਹੀ ਸਬੰਧਿਤ ਵਿਅਕਤੀਆਂ ਨੇ ਘਰ ਦੇ ਸੀ.ਸੀ.ਟੀ.ਵੀ. ਕੈਮਰਿਆਂ ‘ਤੇ ਕਵਰ ਪਾ ਦਿੱਤੇ ਪਰ ਲਾਬੀ ਵਿਚਲਾ ਇਕ ਕੈਮਰਾ ਚੱਲਦਾ ਰਿਹਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਪਿੱਛੋਂ ਸਬੰਧਿਤ ਵਿਅਕਤੀ ਘਰ ਦੇ ਡਰਾਇੰਗ ਰੂਮ ਵਿਚ ਬੈਠੇ ਤੇ ਉਨ੍ਹਾਂ ਏ.ਐਸ.ਆਈ. ਨੂੰ  ਕਥਿਤ ਤੌਰ ‘ਤੇ ਕੁੱਝ ਨਕਦੀ ਵੀ ਦਿੱਤੀ। ਇਸ ਪਿੱਛੋਂ ਏ.ਐਸ.ਆਈ. ਨੇ ਉਨ੍ਹਾਂ ਨੂੰ  ਘਰ ਦੀਆਂ ਚਾਬੀਆਂ ਸੌਂਪ ਕੇ ਉੱਥੋਂ ਚਲਾ ਗਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪਿੱਛੋਂ ਸਬੰਧਿਤ ਵਿਅਕਤੀਆਂ ਨੇ ਘਰ ਵਿਚ ਪਈ 90 ਹਜ਼ਾਰ ਰੁਪਏ ਦੀ ਨਕਦੀ,10 ਤੋਲੇ ਸੋਨਾ ਤੇ ਦੋ ਨਵੇਂ ਖ਼ਰੀਦੇ ਏ.ਸੀ. ਕਥਿਤ ਤੌਰ ‘ਤੇ ਗਾਇਬ ਕਰ ਦਿੱਤੇ।

ਸ਼ਿਕਾਇਤ ਵਲੋਂ ਦਿੱਤੇ ਬਿਆਨਾ ‘ਤੇ ਥਾਣਾ ਸਿਟੀ ਪੁਲਿਸ ਨੇ ਏ.ਐਸ.ਆਈ. ਬਲਬੀਰ ਸਿੰਘ, ਨਿਸ਼ਾਨ ਸਿੰਘ, ਮਾਨ ਸਿੰਘ, ਸੁਰਜੀਤ ਕੌਰ, ਨਿਸ਼ਾਨ ਸਿੰਘ ਦੀ ਨੂੰਹ ਵਾਸੀਆਨ ਪਿੰਡ ਅਕਾਲਾ, ਗੁਰਮੀਤ ਸਿੰਘ, ਅਜੀਤ ਸਿੰਘ, ਮਨਜੀਤ ਕੌਰ, ਸੁਖਵਿੰਦਰ ਕੌਰ ਵਾਸੀਆਨ ਕਮਰਾਏ, ਮਹਿੰਦਰ ਕੌਰ ਵਾਸੀ ਕਰਨੈਲ ਗੰਜ, ਸਾਹਿਲ ਪ੍ਰੀਤ ਸਿੰਘ, ਪਰਮਜੀਤ ਕੌਰ ਵਾਸੀਆਨ ਗੁਰੂ ਨਾਨਕ ਨਗਰ ਭੋਗਪੁਰ, ਗੁਰਵਿੰਦਰ ਸਿੰਘ, ਬਲਬੀਰ ਸਿੰਘ ਵਾਸੀਆਨ ਜੋਗਿੰਦਰ ਨਗਰ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਥਾਣਾ ਸਿਟੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here