ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਫ਼ੌਜ ਦੇ ਸਿਪਾਹੀ ਐਨਡੀ ਕ੍ਰਿਸ਼ਨਨ ਦਾ ਪ੍ਰਸ਼ੰਸਾ ਪੱਤਰ ਨਾਲ ਸਨਮਾਨ

ਪਟਿਆਲਾ, (ਦ ਸਟੈਲਰ ਨਿਊਜ਼)। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਭਾਰਤੀ ਫ਼ੌਜ ਦੇ ਸਿਪਾਹੀ ਨਵਾਨੀਥਾ ਕ੍ਰਿਸ਼ਨਨ ਡੀ ਦਾ ਅੱਜ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਹਸੀ ਜਵਾਨ ਨੇ ਲੰਘੀ 16 ਜੂਨ ਨੂੰ ਅਚਾਨਕ ਪੈਰ ਫਿਸਲ ਜਾਣ ਕਰਕੇ ਭਾਖੜਾ ਨਹਿਰ ਵਿੱਚ ਡਿੱਗ ਜਾਣ ਵਾਲੀ ਇੱਕ ਲੜਕੀ ਦੀ ਜਾਨ ਬਚਾਉਣ ਲਈ ਤੇਜ ਪਾਣੀ ਦੇ ਵਹਾਅ ਵਿੱਚ ਛਲਾਂਗ ਲਗਾਕੇ ਆਪਣੀ ਜਾਨ ਦੀ ਵੀ ਪਰਵਾਹ ਨਾ ਕਰਦਿਆਂ ਲੜਕੀ ਨੂੰ ਬਾਹਰ ਕੱਢ ਲਿਆ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਬਹਾਦਰ ਜਵਾਨ ਕਿਸੇ ਵੀ ਹਾਲਤ ਵਿੱਚ ਹਮੇਸ਼ਾ ਹੀ ਦੇਸ਼ ਅਤੇ ਨਾਗਰਿਕਾਂ ਦੀ ਸੇਵਾ ਲਈ ਹਾਜਰ ਰਹਿੰਦੇ ਹਨ, ਇਸੇ ਭਾਵਨਾ ਤਹਿਤ ਸਿਪਾਹੀ ਨਵਾਨੀਥਾ ਕ੍ਰਿਸ਼ਨਨ ਡੀ ਨੇ ਲੜਕੀ ਦੀ ਜਾਨ ਬਚਾਈ ਹੈ।

Advertisements

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਭਾਰਤੀ ਫ਼ੌਜ ਦੇ ਪਟਿਆਲਾ ਸਥਿਤ ਆਰਮੀ ਹਸਪਤਾਲ ਵਿਖੇ ਸੇਵਾ ਨਿਭਾਅ ਰਹੇ ਜਵਾਨ ਦੀ ਬਹਾਦਰੀ ਤੇ ਜੋਸ਼ ਦਾ ਭਾਰਤੀ ਫ਼ੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਵੀ ਪਿਛਲੇ ਦਿਨੀਂ ਵਿਸ਼ੇਸ਼ ਸਨਮਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਜਵਾਨ ਦੇ ਹੋਰ ਉਚ ਸਰਕਾਰੀ ਸਨਮਾਨ ਲਈ ਉਹ ਆਪਣੇ ਦਫ਼ਤਰ ਵੱਲੋਂ ਸਿਫ਼ਾਰਸ਼ ਕਰਕੇ ਕੇਸ ਸਰਕਾਰ ਨੂੰ ਭੇਜ ਰਹੇ ਹਨ। ਇਸ ਮੌਕੇ ਆਰਮੀ ਮੈਡੀਕਲ ਕੋਰ ਦੇ ਪਟਿਆਲਾ ਹਸਪਤਾਲ ਤੋਂ ਕਰਨਲ ਡਾ. ਜੋਗੇਸ਼ ਖੁਰਾਣਾ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਮਨਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਇਸ ਬਹਾਦਰ ਜਵਾਨ ਲਈ ਬਠਿੰਡਾ ਦੇ ਸੁਤੰਤਰਤਾ ਸੰਗਰਾਮੀ ਮਨਜੀਤ ਇੰਦਰ ਸਿੰਘ ਬਰਾੜ ਵੱਲੋਂ ਭੇਜਿਆ ਗਿਆ ਨਗ਼ਦ ਇਨਾਮ ਵੀ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਅਨਿਲ ਕੁਮਾਰ ਗਰਗ ਵੱਲੋਂ ਜਵਾਨ ਨੂੰ ਸੌਂਪਿਆ ਗਿਆ।

LEAVE A REPLY

Please enter your comment!
Please enter your name here