ਸਿਕਿਓਰਟੀ ਗਾਰਡ ਨੇ 35 ਹਜ਼ਾਰ ਰੁਪਏ ਦੀ ਨਗਦੀ ਨਾਲ ਭਰਿਆ ਪਰਸ ਵਾਪਿਸ ਕਰ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਗੁਰਦਾਸਪੁਰ (ਦ ਸਟੈਲਰ ਨਿਊਜ਼), ਲਵਪ੍ਰੀਤ ਖੁਸ਼ੀਪੁਰ। ਅੱਜ ਦੇ ਦੌਰ ਵਿੱਚ ਇਨਸਾਨ ਮਤਲਬੀ ਹੁੰਦਾ ਜਾ ਰਿਹਾ ਹੈ ਅਤੇ ਸਕੇ-ਸਬੰਧੀ, ਰਿਸ਼ਤੇਦਾਰ ਵੀ ਪੈਸੇ ਅਤੇ ਜ਼ਮੀਨ ਜਾਇਦਾਦ ਲਈ ਲੜਦੇ ਨਜ਼ਰ ਆਉਂਦੇ ਹਨ। ਪਰ ਅਜਿਹੇ ਸਮੇਂ ਵਿੱਚ ਵੀ ਇਮਾਨਦਾਰੀ ਹਜੇ ਪੂਰੀ ਤਰਾਂ ਖਤਮ ਨਹੀਂ ਹੋਈ ਹੈ। ਇਮਾਨਦਾਰੀ ਦੀ ਮਿਸਾਲ ਤਿਬੜੀ ਰੋਡ ਤੇ ਬਣ ਰਹੀ ਇੱਕ ਇਮਾਰਤ ਦੀ ਸੁਰੱਖਿਆ ਵਿੱਚ ਤੈਨਾਤ ਇੱਕ ਨਿੱਜੀ ਸੁਰੱਖਿਆ ਗਾਰਡ ਨੇ ਪੇਸ਼ ਕੀਤੀ ਹੈ।

Advertisements

ਪਰਵਿੰਦਰ ਸਿੰਘ ਨਾਂ ਦੇ ਇਸ ਸੁਰੱਖਿਆ ਗਾਰਡ ਨੇ ਬੈਂਕ ਵਿੱਚ ਖਾਤਾ ਖੁਲਵਾਉਣ ਆਈ ਇੱਕ ਔਰਤ ਦਾ ਗਵਾਚਿਆ ਪਰਸ ਜਿਸ ਵਿੱਚ 35 ਹਜਾਰ ਰੁਪਏ ਦੇ ਕਰੀਬ ਨਗਦੀ ਸੀ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਦਿੰਦਿਆਂ ਨਜ਼ਦੀਕੀ ਪਿੰਡ ਬਹਾਦਰ ਦੀ ਰਹਿਣ ਵਾਲੀ ਔਰਤ ਅਰਵਿੰਦਰ ਕੌਰ ਨੇ ਦੱਸਿਆ ਕਿ ਉਹ ਤਿਬੜੀ ਰੋਡ ਸਥਿਤ ਸਟੇਟ ਬੈਂਕ ਆਫ ਇੰਡਿਆ ਵਿੱਚ 12:00 ਵਜੇ ਦੇ ਕਰੀਬ ਖਾਤਾ ਖੁੱਲ੍ਹਵਾਉਣ ਆਈ ਸੀ ਕਿ ਉਸਦਾ ਪਰਸ ਬਾਹਰ ਸੜਕ ਤੇ ਕਿਤੇ ਡਿੱਗ ਪਿਆ ਜਿਸ ਵਿੱਚ 30 ਹਜ਼ਾਰ ਰੁਪਏ ਤੋਂ ਵੱਧ ਨਕਦੀ ਅਤੇ ਕੁਝ ਕਾਰਡ ਵੀ ਸਨ। ਪਿੰਡ ਜਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਕੁਝ ਦੇਰ ਬਾਅਦ ਫਿਰ ਤੋਂ ਉੱਥੇ ਆ ਕੇ ਨੇੜੇ ਦੇ ਦੁਕਾਨਦਾਰਾਂ ਕੋਲੋਂ ਪਰਸ ਬਾਰੇ ਪੁੱਛਗਿੱਛ ਕਰਨ ਲੱਗ ਪਈ। ਉਹਨਾਂ ਨੇ ਬੈਂਕ ਦੇ ਬਾਹਰ ਅਤੇ ਨੇੜੇ ਦੀਆਂ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ।

ਇੰਨੇ ਨੂੰ ਇੱਕ ਆਦਮੀ ਉਥੇ ਆਇਆ ਅਤੇ ਉਹਨਾਂ ਦਾ ਪਰਸ ਵਾਪਸ ਕਰ ਦਿੱਤਾ। ਜਿਸ ਵਿੱਚ ਪੂਰੇ ਦੇ ਪੂਰੇ ਪੈਸੇ ਅਤੇ ਕਾਰਡ ਆਦਿ ਮੌਜੂਦ ਸਨ। ਔਰਤ ਉਸ ਆਦਮੀ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੀ ਸੀ। ਉੱਥੇ ਹੀ ਪਰਸ ਵਾਪਸ ਕਰਨ ਵਾਲੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਿਬੜੀ ਰੋਡ ਤੇ ਹੀ ਐਕਸਲ ਵਰਲਡ ਸਕੂਲ ਦੇ ਨੇੜੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਸੁਰੱਖਿਆ ਗਾਰਡ ਦੇ ਤੌਰ ਤੇ ਕੰਮ ਕਰਦਾ ਹੈ ਅਤੇ ਉਸਨੂੰ ਇਹ ਪਰਸ ਸੜਕ ਕਿਨਾਰੇ ਡਿੱਗਿਆ ਮਿਲਿਆ ਸੀ। ਉਸਨੇ ਪਰਸ ਵਾਰੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਕੋਈ ਨਹੀਂ ਬੋਲਿਆ ਤਾਂ ਉਸ ਨੇ ਅਖੀਰ ਇਹ ਪਰਸ ਸਾਂਭ ਕੇ ਰੱਖ ਲਿਆ।

ਉਸਨੇ ਦੱਸਿਆ ਕਿ ਪਾਰਸ ਵਿਚ ਪੰਜ-ਪੰਜ ਸੌ ਦੇ ਕਾਫੀ ਨੋਟ ਸਨ ਅਤੇ ਕੁਝ ਕਾਰਡ ਵੀ ਸਨ। ਤਿੰਨ ਚਾਰ ਘੰਟੇ ਦੇ ਬਾਅਦ ਜਦੋਂ ਉਸਨੇ ਇੱਕ ਦੁਕਾਨ ਦੇ ਨੇੜੇ ਭੀੜ ਅਤੇ ਪੁਲਿਸ ਕਰਮਚਾਰੀ ਜਮਾਂ ਹੋਏ ਦੇਖੇ ਤਾਂ ਉੱਥੇ ਆ ਗਿਆ ਤੇ ਪਤਾ ਲੱਗਿਆ ਪਰਸ ਦੀ ਮਾਲਕ ਔਰਤ ਪਰਸ ਲੱਭਦੇ ਲੱਭਦੇ ਵਾਪਸ ਆਈ ਹੈ। ਉਸਨੇ ਔਰਤ ਨੂੰ ਉਸਦਾ ਪਰਸ ਵਾਪਸ ਕਰ ਦਿੱਤਾ ਅਤੇ ਇਸ ਨਾਲ ਉਸਨੂੰ ਦਿਲੋਂ ਖ਼ੁਸ਼ੀ ਹੋ ਰਹੀ ਹੈ।

LEAVE A REPLY

Please enter your comment!
Please enter your name here