ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਕੀਤੀ ਗਈ ਉੱਚ ਪੱਧਰੀ ਮੀਟਿੰਗ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਲੋਕ ਸਭਾ ਚੋਣਾਂ-2024 ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਵਿਸ਼ੇਸ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਐਸ.ਐਸ.ਪੀ ਡਾ ਸਿਮਰਤ ਕੌਰ ਮੌਜ਼ੂਦ ਸਨ। ਮੀਟਿੰਗ ਮੌਕੇ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ, ਸੰਵੇਨਦਸ਼ੀਲ, ਅਤਿ ਸੰਵੇਨਦਸ਼ੀਲ ਪੋਲਿੰਗ ਬੂਥਾਂ,ਪੋਸਟਲ ਬੈਲਟ ਪੇਪਰਜ਼, 12 ਡੀ, ਸਵੀਪ ਗਤੀਵਿਧੀਆਂ,ਐਮ.ਸੀ.ਸੀ. ਅਸਲਾ ਜਮ੍ਹਾਂ ਕਰਵਾਉਣ ਸਬੰਧੀ,ਨਜ਼ਾਇਜ ਸ਼ਰਾਬ, ਨਸ਼ਾ ਤੇ ਨਕਦੀ ਆਦਿ ਦੀ ਤਸਕਰੀ ਨੂੰ ਰੋਕਣ ਲਈ ਅੰਤਰ-ਜ਼ਿਲ੍ਹੇ ਨਾਕੇ ਲਗਾਉਂਣ ਸਬੰਧੀ ਚਰਚਾ ਕੀਤੀ ਗਈ ਅਤੇ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਦੇ ਹੋਏ ਲੋਕ ਸਭਾ ਚੋਣਾਂ-2024 ਨੂੰ ਨਿਰਵਿਘਨ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਧਿਕਾਰੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਦਾਇਰੇ ਅੰਦਰ ਆਉਂਦੇ ਸਾਰੇ ਪੋਲਿੰਗ ਬੂਥਾਂ ਦੀ ਚੈਕਿੰਗ ਸਯੁੰਕਤ ਰੂਪ ਵਿਚ ਕਰਕੇ ਉਨ੍ਹਾਂ ਦੀ ਸੁਰੱਖਿਆ ਤੇ ਲੋੜੀਂਦੇ ਪ੍ਰਬੰਧ ਕਰਨੇ ਯਕੀਨੀ ਕੀਤੇ ਜਾਣ ਅਤੇ ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਕਰਨਾ ਵੀ ਯਕੀਨੀ ਕੀਤਾ ਜਾਵੇ। ਉਨ੍ਹਾਂ ਨਜ਼ਾਇਜ ਸ਼ਰਾਬ, ਨਸ਼ਾ ਤੇ ਨਕਦੀ ਆਦਿ ਦੀ ਤਸਕਰੀ ਨੂੰ ਰੋਕਣ ਲਈ ਅੰਤਰ-ਜ਼ਿਲ੍ਹਾ ਮਾਲੇਰਕੋਟਲਾ ਨੂੰ ਆਉਣ ਅਤੇ ਬਹਾਰ ਜਾਣ ਵਾਲੇ ਚੈਕ ਪੋਸਟਾਂ ਤੇ 24 ਘੰਟੇ ਨਾਕੇ ਲਗਾਉਣ ਦੀ ਹਦਾਇਤ ਕੀਤੀ ।

Advertisements

ਉਨ੍ਹਾਂ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਸਾਨੂੰ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਤਿਆਰ ਕੀਤਾ ਗਈਆਂ ਹਦਾਇਤਾਂ ਜ਼ਰੂਰ ਪੜ੍ਹ ਲੈਣ ਅਤੇ ਸਮੇਂ-ਸਮੇਂ ਤੇ ਆਉਣ ਵਾਲੀਆਂ ਹਦਾਇਤਾਂ ਪੜ੍ਹਦੇ ਰਹਿਣ ਤਾਂ ਜੋ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੋਣ ਤੋਂ ਬਚਿਆ ਜਾ ਸਕੇ। ਐਸ.ਐਸ.ਪੀ ਸਿਮਰਤ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ-2024 ਨੂੰ ਅਮਨ-ਸ਼ਾਂਤੀ ਪੂਰਵਕ ਤਰੀਕੇ ਨਾਲ ਨੇਪੜੇ ਚਾੜਨ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਵੱਲੋਂ 14 ਅੰਤਰ ਰਾਜੀ ਨਾਕੇ ਲਗਾਏ ਗਏ ਹਨ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਥਾਵਾਂ, ਬੱਸ ਸਟੈਡਾਂ ਅਤੇ ਬਜ਼ਾਰਾਂ ਆਦਿ ਵਿਚ ਤਲਾਸ਼ੀ ਅਭਿਆਨ ਲਗਾਤਾਰ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਥਾਵਾਂ ਜਿੱਥੇ ਪਹਿਲਾਂ ਚੋਣਾਂ ਸਮੇਂ ਲੜਾਈ ਝਗੜੇ, ਸ਼ਰਾਬ ਅਤੇ ਪੈਸੇ ਸਬੰਧੀ ਮਾਮਲੇ ਸਾਹਮਣੇ ਆਏ ਸਨ ਉਨ੍ਹਾਂ ਉਤੇ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਟੀਮਾਂ ਵਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ-2024 ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਇਲਾਕਿਆਂ ਅੰਦਰ ਨਿਰਧਾਰਤ ਸਮੇਂ ਵਿੱਚ ਜਿਨ੍ਹਾਂ ਲੋਕਾਂ ਕੋਲ ਅਪਣੇ ਲਾਇਸੈਂਸੀ ਹਥਿਆਰ ਹਨ, ਉਨ੍ਹਾਂ ਨੂੰ ਜਮ੍ਹਾਂ ਕਰਵਾਉਂਣ ਦੇ ਆਦੇਸ਼ ਦਿੱਤੇ ਗਏ ਹਨ ਹੁਣ ਤੱਕ 3534 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ।ਉਨ੍ਹਾਂ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੇ ਲਈ ਪੁਲਿਸ ਨਾਕਿਆਂ ਤੇ ਮੂਸਤੈਦੀ ਵਧਾਈ ਗਈ ਹੈ । ਇਸ ਉਪਰੰਤ ਡੀ.ਸੀ. ਅਤੇ ਐਸ.ਐਸ.ਪੀ. ਨੇ ਸਥਾਨਕ ਸਰਕਾਰੀ ਕਾਲਜ ਵਿਖੇ ਸਥਾਪਿਤ ਸਟਰਾਂਗ ਰੂਮ ਦੀ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ।

ਇਸ ਮੌਕੇ ਜਿਲ੍ਹਾ ਚੋਣ ਅਫਸਰ ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਰਾਜਪਾਲ ਸਿੰਘ ,ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਅਪਰਨਾ ਐਮ.ਬੀ, ਸਹਾਇਕ ਰਿਟਰਨਿੰਗ ਅਫਸਰ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਕਮ ਐਸ.ਡੀ.ਐਮ ਅਹਿਮਦਗੜ੍ਹ ਸ਼੍ਰੀ ਗੁਰਮੀਤ ਕੁਮਾਰ ਬਾਂਸਲ, ਸਹਾਇਕ ਕਮਿਸ਼ਨਰ ਸ੍ਰੀ ਹਰਬੰਸ ਸਿੰਘ, ਡੀ.ਐਸ.ਪੀ. ਮਾਲੇਰਕੋਟਲਾ ਸ੍ਰੀ ਗੁਰਦੇਵ ਸਿੰਘ ਡੀ.ਐਸ.ਪੀ. ਅਮਰਗੜ੍ਹ ਸ੍ਰੀ ਸੁਰਿੰਦਰ ਪਾਲ, ਡੀ.ਐਸ.ਪੀ.(ਐਚ) ਸ੍ਰੀ ਕਰਮਜੀਤ ਸਿੰਘ, ਸਵੀਪ ਨੋਡਲ ਅਫਸਰ (ਕਾਲਜਾਂ) ਮੁੰਹਮਦ ਇਰਫਾਨ ਫਾਰੂਕੀ,ਜ਼ਿਲ੍ਹਾ ਤਹਿਸੀਲਦਾਰ ਚੋਣਾ ਸ੍ਰੀ ਬ੍ਰਿਜ ਮੋਹਨ, ਡੀ.ਡੀ.ਐਫ. ਆਸ਼ਿਫ ਖਾਨ, ਸ੍ਰੀ ਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।

LEAVE A REPLY

Please enter your comment!
Please enter your name here