ਕਿਸਾਨ ਤਰਸੇਮ ਸਿੰਘ ਨੇ `ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ` ਦੀ ਕਹਾਵਤ ਨੂੰ ਸੱਚ ਕਰ ਦਿਖਾਇਆ

ਗੁਰਦਾਸਪੁਰ (ਦ ਸਟੈਲਰ ਨਿਊਜ਼ )।`ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ` ਦੀ ਕਹਾਵਤ ਨੂੰ ਪਿੰਡ ਕਾਹਲਵਾਂ ਦੇ ਕਿਸਾਨ ਨੇ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ। ਕਾਦੀਆਂ ਨੇੜਲੇ ਪਿੰਡ ਕਾਹਲਵਾਂ ਦੇ ਕਿਸਾਨ ਤਰਸੇਮ ਸਿੰਘ ਕੋਲ ਭਾਵੇਂ ਖੇਤੀ ਲਈ 14 ਕਨਾਲ ਦੀ ਵਾਹੀ ਹੈ ਪਰ ਉਹ ਸਬਜ਼ੀਆਂ ਦੀ ਕਾਸ਼ਤ ਅਤੇ ਬਾਗਬਾਨੀ ਜਰੀਏ ਇਸਤੋਂ ਚੋਖੀ ਕਮਾਈ ਕਰ ਰਿਹਾ ਹੈ। ਕਿਸਾਨ ਤਰਸੇਮ ਸਿੰਘ ਪਿਛਲੇ ਕਰੀਬ 13 ਸਾਲ ਤੋਂ ਸਬਜ਼ੀਆਂ ਅਤੇ ਫ਼ਲਾਂ ਦੀ ਸਫਲ ਕਾਸ਼ਤ ਕਰ ਰਿਹਾ ਹੈ। ਉਹ ਆਪਣੇ ਖੇਤਾਂ ਵਿੱਚ ਹਰ ਸਾਲ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਜਿਸ ਵਿੱਚ ਉਹ ਮੁੱਖ ਤੌਰ `ਤੇ ਤੋਰੀ, ਭਿੰਡੀ, ਸਾਗ, ਧਨੀਆ, ਪਾਲਕ, ਆਲੂ ਆਦਿ ਨੂੰ ਉਗਾਉਂਦਾ ਹੈ। ਤਰਸੇਮ ਸਿੰਘ ਆਪਣੀਆਂ ਸਬਜ਼ੀਆਂ ਦੀ ਕਾਸ਼ਤ ਨੂੰ ਕੋਈ ਕੀਟ-ਨਾਸ਼ਕ ਰਸਾਇਣ ਨਹੀਂ ਪਾਉਂਦਾ ਸਗੋਂ ਉਹ ਦੇਸੀ ਰੂੜੀ ਅਤੇ ਗੰਡੋਇੰਆਂ ਦੀ ਖਾਦ ਦੀ ਵਰਤੋਂ ਹੀ ਕਰਦਾ ਹੈ। ਉਹ ਖੇਤਾਂ ਵਿੱਚ ਸਾਰਾ ਕੰਮ ਆਪਣੇ ਹੱਥੀਂ ਖੁਦ ਕਰਦਾ ਹੈ ਜਿਸ ਨਾਲ ਉਸਦੀ ਖੇਤੀ ਲਾਗਤ ਵੀ ਘੱਟ ਜਾਂਦੀ ਹੈ। ਕਿਸਾਨ ਤਰਸੇਮ ਸਿੰਘ ਸਬਜ਼ੀਆਂ ਦੀ ਕਾਸ਼ਤ ਤੋਂ ਇਲਾਵਾ ਬਾਗਬਾਨੀ ਵੀ ਕਰਦਾ ਹੈ। ਉਸਨੇ ਆਪਣੇ ਖੇਤਾਂ ਵਿੱਚ ਅੰਬ, ਲੀਚੀ, ਆਲੂ-ਬੁਖਾਰਾ ਅਤੇ ਨਿੰਬੂ ਦੇ ਬੂਟੇ ਲਗਾਏ ਹੋਏ ਹਨ ਜਿਨ੍ਹਾਂ ਤੋਂ ਹਰ ਸਾਲ ਉਸਨੂੰ ਮੌਸਮੀ ਫ਼ਲ ਪ੍ਰਾਪਤ ਹੋ ਜਾਂਦੇ ਹਨ। ਇਹ ਫ਼ਲ ਉਸਦੀ ਆਮਦਨ ਵਿੱਚ ਹੋਰ ਵੀ ਵਾਧਾ ਕਰਦੇ ਹਨ।

Advertisements

ਕਿਸਾਨ ਤਰਸੇਮ ਸਿੰਘ ਦੀ ਏਨੀ ਥੋੜੀ ਖੇਤੀ ਵਿਚੋਂ ਵੀ ਸਫਲਤਾ ਦਾ ਮੁੱਖ ਕਾਰਨ ਉਸ ਵੱਲੋਂ ਖੁਦ ਹੱਥੀਂ ਕੰਮ ਕਰਨਾ ਹੈ ਅਤੇ ਆਪਣੀ ਉਪਜ ਦਾ ਖੁਦ ਮੰਡੀਕਰਨ ਕਰਨਾ ਹੈ। ਉਹ ਆਪਣੀਆਂ ਸਬਜ਼ੀਆਂ ਅਤੇ ਫ਼ਲਾਂ ਨੂੰ ਖੁਦ ਕਾਦੀਆਂ ਸ਼ਹਿਰ ਵਿੱਚ ਜਾ ਕੇ ਵੇਚਦਾ ਹੈ। ਤਰਸੇਮ ਸਿੰਘ ਦੱਸਦਾ ਹੈ ਕਿ ਇਸ ਸਾਲ ਜਦੋਂ ਮੰਡੀ ਵਿੱਚ ਆਲੂ ਦਾ ਰੇਟ 4-5 ਰੁਪਏ ਮਿਲ ਰਿਹਾ ਸੀ ਤਾਂ ਉਸ ਵੱਲੋਂ ਸਿੱਧੀ ਗ੍ਰਾਹਕਾਂ ਤੱਕ ਮਾਰਕਟਿੰਗ ਕਰਦੇ ਹੋਏ ਆਲੂਆਂ ਦਾ ਭਾਅ 10-12 ਰੁਪਏ ਪ੍ਰਤੀ ਕਿਲੋ ਵੱਟਿਆ ਗਿਆ। ਉਸਨੇ ਕਿਹਾ ਕਿ ਹੁਣ ਉਸਦੀ ਮਾਰਕਿਟ ਬਣ ਗਈ ਹੈ ਅਤੇ ਉਸਦੀਆਂ ਸਬਜ਼ੀਆਂ ਅਤੇ ਫਲ਼ਾਂ ਦੀ ਕੁਆਲਿਟੀ ਵਧੀਆ ਹੋਣ ਕਾਰਨ ਗ੍ਰਾਹਕ ਵੀ ਬਜ਼ਾਰੀ ਕੀਮਤ ਨਾਲੋਂ ਵੱਧ ਕੀਮਤ ਭਰਦੇ ਹਨ। ਇਸਤੋਂ ਇਲਾਵਾ ਤਰਸੇਮ ਸਿੰਘ ਆਪਣੀਆਂ ਜਿਨਸਾਂ ਖੇਤ ਤੋਂ ਕਿਸਾਨ ਸਿਖਲਾਈ ਕੈਂਪਾਂ, ਕਿਸਾਨ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਦੌਰਾਨ ਵੀ ਵੇਚਦੇ ਹਨ। ਕਿਸਾਨ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਹੱਥੀਂ ਮਿਹਨਤ ਕਰਕੇ ਸਾਫ਼-ਸੁਥਰੀ ਪੈਦਾਵਾਰ ਕਰਨ ਦੀ ਲੋੜ ਹੈ ਅਤੇ ਜਦੋਂ ਤੁਸੀਂ ਗ੍ਰਾਹਕ ਸਾਹਮਣੇ ਆਪਣੀ ਮਿਆਰੀ ਉਪਜ ਪੇਸ਼ ਕਰੋਗੇ ਤਾਂ ਉਸ ਤੋਂ ਬਾਅਦ ਗ੍ਰਾਹਕ ਖੁਦ ਹੀ ਤੁਹਾਡੇ ਤੱਕ ਪਹੁੰਚ ਕਰ ਲੈਂਦੇ ਹਨ। ਕਿਸਾਨ ਤਰਸਮੇ ਸਿੰਘ ਨੇ ਛੋਟੇ ਕਿਸਾਨਾਂ ਨੂੰ ਕਿਹਾ ਹੈ ਕਿ ਸਬਜ਼ੀਆਂ ਅਤੇ ਫ਼ਲਾਂ ਦੀ ਪੈਦਾਵਾਰ ਬੇਹਤਰ ਵਿਕਲਪ ਹੈ ਅਤੇ ਛੋਟੇ ਕਿਸਾਨਾਂ ਨੂੰ ਥੋੜੀ ਜ਼ਮੀਨ ਵਿੱਚੋਂ ਵੱਧ ਆਮਦਨ ਪ੍ਰਾਪਤ ਕਰਨ ਲਈ ਸਬਜ਼ੀਆਂ ਅਤੇ ਬਾਗਬਾਨੀ ਨੂੰ ਅਪਨਾਉਣਾ ਚਾਹੀਦਾ ਹੈ। ਕਿਸਾਨ ਤਰਸੇਮ ਛੋਟੇ ਕਿਸਾਨਾਂ ਲਈ ਕਾਮਯਾਬੀ ਦੀ ਇੱਕ ਵਧੀਆ ਉਦਾਹਰਨ ਹੈ।

LEAVE A REPLY

Please enter your comment!
Please enter your name here