ਡਿਪਟੀ ਕਮਿਸ਼ਨਰ ਨੇ ਮਕੌੜਾ ਪੱਤਣ ਤੋਂ ਪਰਲੇ ਪਿੰਡਾਂ ਦੇ ਵਿਕਾਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹੈ ਕਿ ਉਹ ਮਕੌੜਾ ਪੱਤਣ ਰਾਵੀ ਦਰਿਆ ਤੋਂ ਪਾਰ ਦੇ ਇਲਾਕੇ ਦੇ ਪਿੰਡਾਂ ਵਿੱਚ ਲਗਾਤਾਰ ਰਾਬਤਾ ਬਣਾ ਕੇ ਰੱਖਣ ਤਾਂ ਜੋ ਉਨ੍ਹਾਂ ਲੋਕਾਂ ਨੂੰ ਪੇਸ਼ ਆਰ ਰਹੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਅੱਜ ਸਥਾਨਕ ਪੰਚਾਇਤ ਭਵਨ ਵਿਖੇ ‘ਬਲਜ ਏਰੀਏ’ ਦੇ ਵਿਕਾਸ ਸਬੰਧੀ ਵਿਸ਼ੇਸ਼ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਐੱਸ.ਡੀ.ਐੱਮ. ਦੀਨਾਨਗਰ ਨੂੰ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਜਾ ਕੇ ਬਲਜ ਏਰੀਏ ਵਿੱਚ ਵਿਸ਼ੇਸ਼ ਜਨ-ਸੁਣਵਾਈ ਕੈਂਪ ਲਗਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਨ। ਉਨ੍ਹਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਰਿਆ ਪਾਰ ਦੇ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕਰਨ ਅਤੇ ਇਸ ਸਬੰਧੀ ਪ੍ਰਗਤੀ ਰੀਪੋਰਟ ਉਨ੍ਹਾਂ ਨੂੰ ਦਿੱਤੀ ਜਾਵੇ।

Advertisements

ਉਨ੍ਹਾਂ ਕਿਹਾ ਕਿ ਮਕੌੜਾ ਪੱਤਣ ਅਤੇ ਘਣੀਏ-ਕੇ-ਬੇਟ ਵੱਲ ਜਾਣ ਲਈ ਚੱਲਦੀਆਂ ਕਿਸਤੀਆਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਬੇੜੀ ਰਾਹੀਂ ਦਰਿਆ ਪਾਰ ਕਰਦੇ ਹਨ ਉਨ੍ਹਾਂ ਨੂੰ ਬੇੜੀ ਵਿੱਚ ਬੈਠਣ ਸਮੇਂ ਲਾਈਫ ਸੇਵਿੰਗ ਜੈਕਟਾਂ ਜਰੂਰ ਪਹਿਨਾਈਆਂ ਜਾਣ। ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਰਾਵੀ ਅਤੇ ਉੱਜ ਦਰਿਆ ਪਾਣੀ ਨੇ ਧੁੱਸੀ ਬੰਨ ਦੇ ਜਿਹੜੇ ਵੀ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਹੈ ਜਾਂ ਕਮਜ਼ੋਰ ਕੀਤਾ ਹੈ ਓਨਾਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਨਾਲ ਓਥੇ ਬਾਅਦ ਵਿੱਚ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਅਗਲੀ ਵਾਰ ਪਾਣੀ ਕੋਈ ਨੁਕਸਾਨ ਨਾ ਕਰ ਸਕੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲਜ ਏਰੀਏ ਵਿੱਚ ਮੋਬਾਇਲ ਨੈਟਵਰਕ ਮੁਹੱਈਆ ਕਰਵਾਉਣ ਲਈ ਮੋਬਾਇਲ ਕੰਪਨੀਆਂ ਨਾਲ ਰਾਬਤਾ ਕੀਤਾ ਗਿਆ ਹੈ ਅਤੇ ਉਹ ਤਕਨੀਕੀ ਤੌਰ ‘ਤੇ ਇਸ ਸਬੰਧੀ ਰੀਪੋਰਟ ਤਿਆਰ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲਜ ਏਰੀਏ ਨੂੰ ਪੁੱਲ ਨਾਲ ਜੋੜਨ ਦੇ ਪ੍ਰੋਜੈਕਟ ਉੱਪਰ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਸਬੰਧੀ ਸਾਰੀਆਂ ਮਨਜ਼ੂਰੀਆਂ ਅਤੇ ਸ਼ਰਤਾਂ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਬਲਜ ਏਰੀਏ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਹਰ ਦੁੱਖ-ਤਕਲੀਫ਼ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।

ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਮਕੌੜਾ ਪੱਤਣ ਦੇ ਨੇੜੇ ਪੈਂਦੇ ਪਿੰਡ ਜੈਨਪੁਰ ਤੇ ਹੋਰ ਨਜ਼ਦੀਕੀ ਪਿੰਡਾਂ ਦੇ ਵਸਨੀਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਲਈ ਮਾਹਿਰਾਂ ਕੋਲੋਂ ਤਕਨੀਕੀ ਰੀਪੋਰਟ ਤਿਆਰ ਕਰਵਾ ਕੇ ਬਹੁਤ ਜਲਦੀ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਸਮੱਸਿਆ ਨੂੰ ਭਵਿੱਖ ਵਿੱਚ ਵੀ ਖਤਮ ਕਰਨ ਲਈ ਪੱਕਾ ਹੱਲ ਕੀਤਾ ਜਵੇਗਾ।  

LEAVE A REPLY

Please enter your comment!
Please enter your name here