ਓਪਰੇਸ਼ਨ ਸਤਰਕ: ਪੰਜਾਬ ਦੀਆਂ 26 ਜੇਲ੍ਹਾਂ ਦੀ ਇੱਕੋ ਸਮੇਂ ਅਚਨਚੇਤ ਚੈਕਿੰਗ: ਅਰਪਿਤ ਸ਼ੁਕਲਾ

ਪਟਿਆਲਾ, (ਦ ਸਟੈਲਰ ਨਿਊਜ਼): ਪੰਜਾਬ ਦੀਆਂ 26 ਜੇਲ੍ਹਾਂ ਵਿੱਚ ਅੱਜ ਇੱਕੋ ਸਮੇਂ ਪੰਜਾਬ ਪੁਲਿਸ ਵੱਲੋਂ ਜੇਲ੍ਹ ਵਿਭਾਗ ਨਾਲ ਮਿਲਕੇ ਸਾਂਝੀ ਕਾਰਵਾਈ ਕਰਦਿਆਂ ਓਪਰੇਸ਼ਨ ਸਤਰਕ ਚਲਾਇਆ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਓਪਰੇਸ਼ਨ ਸਤਰਕ ਦੀ ਅਗਵਾਈ ਪੰਜਾਬ ਦੇ ਸਪੈਸ਼ਲ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਤੇ ਏ.ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ. ਵਰੁਣ ਸ਼ਰਮਾ ਅਤੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਵੀ ਮੌਜੂਦ ਸਨ।

Advertisements

ਕੇਂਦਰੀ ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਓਪਰੇਸ਼ਨ ਸਤਰਕ ਬਾਰੇ ਜਾਣਕਾਰੀ ਦਿੰਦਿਆਂ ਸਪੈਸ਼ਲ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪਟਿਆਲਾ ਤੋਂ ਇਲਾਵਾ ਸੂਬੇ ਦੀਆਂ 25 ਹੋਰ ਜੇਲ੍ਹਾਂ ਵਿੱਚ ਅੱਜ ਪੰਜਾਬ ਪੁਲਿਸ ਅਤੇ ਜੇਲ੍ਹ ਵਿਭਾਗ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਓਪਰੇਸ਼ਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਹੁਕਮਾਂ ਮੁਤਾਬਕ ਬਹੁਤ ਹੀ ਗੰਭੀਰਤਾ ਨਾਲ ਚਲਾਇਆ ਗਿਆ ਹੈ ਅਤੇ ਅਜਿਹੇ ਓਪਰੇਸ਼ਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤਾਂ ਕਿ ਸੂਬੇ ਦੀਆਂ ਜੇਲਾਂ ਵਿੱਚ ਕਿਸੇ ਕਿਸਮ ਦੇ ਨਸ਼ੇ, ਨਸ਼ੀਲੀਆਂ ਦਵਾਈਆਂ, ਮੋਬਾਇਲ ਫੋਨ ਆਦਿ ਪਾਬੰਦੀਸ਼ੁਦਾ ਵਸਤੂਆਂ ਦੀ ਚੈਕਿੰਗ ਕਰਕੇ ਜੇਲ੍ਹਾਂ ਨੂੰ ਇਨ੍ਹਾਂ ਤੋਂ ਮੁਕਤ ਰੱਖਿਆ ਜਾ ਸਕੇ।

ਅਰਪਿਤ ਸ਼ੁਕਲਾ ਨੇ ਅੱਗੇ ਦੱਸਿਆ ਕਿ ਜੇਕਰ ਜੇਲ੍ਹਾਂ ਵਿੱਚ ਕੋਈ ਪਾਬੰਦੀਸ਼ੁਦਾ ਵਸਤੂ ਮਿਲਦੀ ਹੈ ਤਾਂ ਇਸ ਬਾਬਤ ਸਬੰਧਤ ਬੰਦੀ ਵਿਰੁੱਧ ਪੁਲਿਸ ਤੇ ਜੇਲ੍ਹ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਏ.ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ ਨੇ ਦੱਸਿਆ ਕਿ 15 ਅਸਗਤ ਨੂੰ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਇਹ ਅਚਨਚੇਤ ਚੈਕਿੰਗ ਕੀਤੀ ਗਈ ਹੈ, ਉਂਜ ਜੇਲ੍ਹ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਜਾਰੀ ਰੱਖੀ ਜਾਂਦੀ ਹੈ ਤੇ ਜੇਲ੍ਹ ਰੂਲਾਂ ਮੁਤਾਬਕ ਜਿਹੜਾ ਸਮਾਨ ਬਰਾਮਦ ਹੁੰਦਾ ਹੈ, ਜੇਲ੍ਹ ਅਪਰਾਧਕ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਪੁਲਿਸ ਕੇਸ ਵੀ ਦਰਜ ਕਰਵਾਇਆ ਜਾਂਦਾ ਹੈ। ਅਰੁਣਪਾਲ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਇਨ੍ਹਾਂ ਮਾਮਲਿਆਂ ਵਿੱਚ ਜੇਲ੍ਹਾਂ ਦੇ ਕਿਸੇ ਮੁਲਾਜਮ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।

ਏ.ਡੀ.ਜੀ.ਪੀ. ਜੇਲ੍ਹਾਂ ਨੇ ਕਿਹਾ ਕਿ ਜੇਲ੍ਹਾਂ ਦੇ ਬੰਦੀ ਬਾਹਰ ਕੋਈ ਜੁਰਮ ਕਰਕੇ ਹੀ ਆਉਂਦੇ ਹਨ ਤੇ ਉਨ੍ਹਾਂ ਦਾ ਧਿਆਨ ਸਾਰਾ ਸਮਾਂ ਪਾਬੰਦੀਸ਼ੁਦਾ ਵਸਤਾਂ ਅੰਦਰ ਮੰਗਵਾਉਣ ‘ਤੇ ਹੀ ਲੱਗਿਆ ਰਹਿੰਦਾ ਹੈ ਅਤੇ ਜੇਲ੍ਹ ਵਿਭਾਗ ਦੇ ਅਧਿਐਨ ਦੱਸਦੇ ਹਨ ਕਿ ਇਹ ਵਸਤਾਂ ਜੇਲ੍ਹਾਂ ਵਿੱਚ ਜਿਆਦਾਤਰ ਬਾਹਰੋਂ ਸੁੱਟੇ ਜਾਣ ਨਾਲ ਹੀ ਅੰਦਰ ਆਉਂਦੀਆਂ ਹਨ, ਕਿਉਂਕਿ ਅੱਜਕਲ੍ਹ ਜੇਲ੍ਹਾਂ ਵੱਸੋਂ ਵਾਲੇ ਘਰਾਂ ਦੇ ਨੇੜੇ ਆ ਗਈਆਂ ਹਨ ਅਤੇ ਕਈ ਮਾਮਲਿਆਂ ਵਿੱਚ ਮਿਲੀਭੁਗਤ ਵੀ ਹੁੰਦੀ ਹੈ ਪਰੰਤੂ ਵਿਭਾਗ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਾਈ ਸਕਿਉਰਟੀ ਜੇਲ ਬਠਿੰਡਾ ਵਿਖੇ ਕਮਿਨਿਉਕੇਸ਼ਨ ਡੈਡ ਜੋਨ ਬਣਾਕੇ ਜੈਮਰ ਲਗਾਏ ਗਏ ਹਨ ਅਤੇ ਅਜਿਹੇ ਤਜਰਬੇ ਬਾਕੀ ਜੇਲ੍ਹਾਂ ਵਿੱਚ ਵੀ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here