ਵਿਦਿਆਰਥੀਆਂ ਦੀ ਸਕੂਲ ‘ਚ ਗੈਰ-ਹਾਜ਼ਰੀ: ਸਮੱਸਿਆ ਅਤੇ ਸਮਾਧਾਨ: ਲੈਕਚਰਾਰ ਸੁਨੀਲ ਬਜਾਜ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਸੁਨੀਲ ਬਜਾਜ ਲੈਕਚਰਾਰ, ਸਸਸਸ ਹੁਸੈਨਪੁਰ ਆਰਸੀਐਫ, ਕਪੂਰਥਲਾ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਵਿਦਿਆਰਥੀਆਂ ਦੀ ਸਕੂਲ ਵਿਚ ਸ਼ਤ-ਪ੍ਰਤੀਸ਼ਤ ਹਾਜ਼ਰੀ ਇਕ ਸੁਫਨੇ ਵਾਂਗ ਹੀ ਜਾਪਣ ਲੱਗ ਪਈ ਹੈ। ਅਧਿਆਪਕ ਹੋਣ ਦੇ ਨਾਤੇ ਵਿਦਿਆਰਥੀਆਂ ਦੀ ਸਕੂਲ ‘ਚ ਗੈਰਹਾਜ਼ਰੀ ਦੀ ਪ੍ਰੇਸ਼ਾਨੀ ਸੁਭਾਵਕ ਹੈ ਕਿਉਕਿ ਜਿਥੇ ਉਹ ਵਿਦਿਆਰਥੀ ਦੀ ਪੜਾਈ ਪ੍ਰਤੀ ਚਿੰਤਤ ਹੈ ਉਥੇ ਉਸਦੇ ਜਮਾਤ ਵਿਚ ਚੱਲ ਰਹੇ ਸਿਲੇਬਸ ਵਿਚ ਪਿਛੜਣ ਦਾ ਡਰ ਵੀ ਉਸਨੂੰ ਬਨਿਆ ਰਹਿੰਦਾ ਹੈ। ਵਿਦਿਆਰਥੀਆਂ ਨੂੰ ਗੈਰ-ਹਾਜ਼ਰੀ ਦੇ ਕਾਰਣ ਪੁੱਛੇ ਜਾਣ ਤੇ ਉਹ ਅਕਸਰ ਅਜਿਹੇ ਬਹਾਨੇ ਲਗਾਉਂਦੇ ਹਨ ਕਿ ਵਿਸ਼ਵਾਸ਼ ਕਰਨਾ ਮੁਸ਼ਿਕਲ ਹੋ ਜਾਂਦਾ ਹੈ ਪ੍ਰੰਤੂ ਜੇਕਰ ਉਸਦੇ ਬਹਾਨਿਆਂ ਨੂੰ ਗਹਿਰਾਈ  ਨਾਲ ਅਤੇ ਮਾਨਵਤਾ ਦੀ ਅੱਖ ਨਾਲ ਦੇਖਿਆ ਜਾਵੇ ਤਾਂ ਹੋ ਸਕਦਾ ਹੈ ਕਿ ਇਸ ਦੇ ਅਣਸੁਲਝੇ ਪਹਿਲੂ ਦੇਖਣ ਨੂੰ ਮਿਲ ਜਾਣ।

Advertisements

ਕਰੋਨਾ ਕਾਲ ਦੌਰਾਨ ਮਹਿੰਗਾਈ ਅਤੇ ਮੰਦੀ ਦੇ ਦੌਰ ਦੇ ਨਾਲ ਨਾਲ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋਣ ਕਾਰਨ ਮਾਪਿਆਂ ਨੇ ਵਿਦਿਆਰਥੀਆਂ ਨੂੰ ਪੈਸੇ ਦੀ ਕਮੀ ਨੂੰ ਪੂਰਿਆ ਕਰਨ ਹਿੱਤ ਕੰਮ-ਕਾਰ ਤੇ ਲਗਾ ਦਿਤਾ । ਹੁਣ ਵਿਦਿਆਰਥੀਆਂ ਨੂੰ ਪੈਸੇ ਕਮਾਉਣ ਦੀ ਅਜਿਹੀ ਲੱਤ ਲੱਗ ਗਈ  ਕਿ ਹੁਣ ਉਹਨਾਂ ਨੂੰ ਪੜਾਈ ਦੀ ਅਹਿਮੀਅਤ ਨਿਗੂਣੀ ਜਿਹੀ  ਲੱਗਣ ਲੱਗ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਣ ਹਨ ਜੋ ਵਿਦਿਆਰਥੀਆਂ ਦੀ ਗੈਰਹਾਜ਼ਰੀ ਦਾ ਸਬੱਬ ਬਣਦੇ ਹਨ। ਪਿਛਲੇ ਦਿਨੀਂ ਮੇਰੇ ਸਕੂਲ  ਦੀ ਵਿਦਿਆਰਥਣ ਕਈ ਦਿਨਾਂ ਤੋਂ ਸਕੂਲ ਨਹੀਂ ਆ ਰਹੀ ਸੀ ਅਤੇ ਉਸਦੀ ਜਮਾਤ ਇੰਚਾਰਜ਼ ਨੇ ਸਕੂਲ ਹਾਜ਼ਰ ਹੋਣ ਤੇ ਖੁਬ ਡਾਂਟਿਆ । ਜਦ ਮੈਂ ਜਮਾਤ ਵਿਚ ਪਹੁੰਚਿਆ ਤਾਂ ਉਹ ਜ਼ਾਰੋ-ਜ਼ਾਰੀ ਰੋ ਰਹੀ ਸੀ, ਮੈਂ ਉਸਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਉਹ ਚੁੱਪ ਨਾ ਹੋਈ।  ਜਦੋਂ ਮੈਨੂੰ ਬਾਕੀ ਵਿਦਿਆਰਥਣਾਂ  ਨੇ ਉਸਨੂੰ  ਅਧਿਆਪਕ ਕੋਲੋਂ ਝਿੜਕਾਂ ਪੈਣ ਬਾਰੇ ਦੱਸਿਆ ਤੇ ਮੈਂ ਉਸਨੂੰ ਆਪਣੀ ਧੀ ਵਾਂਗ ਦਿਲਾਸਾ ਦੇਕੇ  ਗੈਰਹਾਜ਼ਰੀ ਦਾ ਕਾਰਣ ਪੁੱਛਿਆ ਤਾਂ ਮੇਰੇ ਰੌਗਟੇ ਖੜੇ ਗਏ।

ਉਸ ਦੱਸਿਆ ਕਿ ਉਸ ਦੀ ਮਾਂ ਕਿਸੇ ਗੰਭੀਰ ਬਿਮਾਰੀ ਦੀ ਸ਼ਿਕਾਰ ਹੋਣ ਕਾਰਨ ਮੰਜ਼ੇ ਤੇ ਹੈ, ਪਾਪਾ ਸ਼ਰਾਬ ਪੀਂਦਾ ਰਹਿੰਦਾ ਹੈ , ਘਰ ਦਾ ਖਰਚਾ ਮਾਂ ਹੀ ਚਲਾਉਂਦੀ ਸੀ ਪਰ ਹੁਣ ਰੋਟੀ ਵੀ ਖਾਣੀ ਮੁਸ਼ਿਕਲ ਹੋ ਗਈ ਹੈ। ਮੇਰੀ ਮਾਂ ਜਿਸ ਘਰ ਕੰਮ ਕਰਦੀ ਸੀ , ਮੈਂ ਉਥੇ ਕੰਮ ਤੇ ਲੱਗ ਗਈ ਸੀ। ਪ੍ਰੰਤੂ ਮਾਲਕ ਦਿਆਲੂ ਹਨ ਅਤੇ ਉਹਨਾਂ ਮੈਨੂੰ ਸਕੂਲ ਤੋਂ ਬਾਅਦ ਕੰਮ ਤੇ ਆਉਣ ਲਈ   ਕਹਿ ਦਿਤਾ ਅਤੇ ਬਾਰਵੀ ਦੀ ਪੜਾਈ ਤੱਕ ਦਾ ਖਰਚਾ ਵੀ ਦੇਣ ਦੀ ਗੱਲ ਕਹੀ ਹੈ। ਪ੍ਰੰਤੂ ਮੈਡਮ ਜੀ ਨੇ ਮੇਰੀ ਇਕ ਗੱਲ ਨਹੀਂ ਸੁਣੀ ਅਤੇ ਤਾੜ-ਤਾੜ ਥੱਪੜ ਮਾਰਣੇ ਸ਼ੁਰੂ ਕਰ ਦਿਤੇ।ਜਿਥੇ ਮੈਂ ਉਸ ਧੀ ਦੇ ਸਿਦਕ ਅਤੇ ਸਬਰ ਦੀ ਦਾਦ ਦਿੰਦੇ ਉਸਨੂੰ ਗੱਲਵਕੜੀ ਵਿਚ ਲਿਆ ਉਥੇ ਮੈਂ ਅਧਿਆਪਨ ਕਿਤੇ ਵਿਚ ਅਧਿਆਪਕਾਂ ਵਿਚ ਸੰਵੇਦਨਾ ਦੀ ਘਾਟ ਕਾਰਨ ਹੋ ਰਹੇ ਨੁਕਸਾਨ  ਪ੍ਰਤੀ ਚਿੰਤਤ ਜਿਹਾ ਹੋ ਗਿਆ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੜਾਉਣ ਦੇ ਤਰੀਕੇ  ਵਿਚ ਨੀਰਸਤਾ, ਸਕੂਲ ਵਿਚ ਇੰਫਰਾਸਟਰਕਚਰ ਦੀ ਘਾਟ, ਜਮਾਤ ਵਿਚ ਜਿਨਸੀ ਅਤੇ ਮਾਨਸਿਕ ਸੋਸ਼ਣ , ਅਜਿਹੇ ਕਈ ਕਾਰਣ ਹਨ ਜੋ ਵਿਦਿਆਰਥੀਆਂ ਨੂੰ ਸਕੂਲ ਜਾਣ ਤੋਂ ਰੋਕਦੇ ਹਨ। ਸੋ ਜੇਕਰ ਅਸੀਂ ਚਾਹੁੰਦੇ  ਹਾਂ ਕਿ ਸਕੂਲ ਵਿਚੋਂ ਵਿਦਿਆਰਥੀ ਘੱਟ ਤੋਂ ਘੱਟ ਗੈਰਹਾਜ਼ਰ ਰਹਿਣ ਤਾਂ ਅਧਿਆਪਕ ਅਤੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਵੱਲੋਂ ਬੱਚਿਆਂ ਦੀ ਜ਼ਰੂਰਤਾਂ ਦਾ ਧਿਆਣ ਰੱਖਿਆ ਜਾਵੇ। ਉਹਨਾਂ ਦੇ ਨਾਲ ਭਾਵਨਾਤਮਕ ਸਾਂਝ ਪਾਈ ਜਾਵੇ ਤਾਂ ਜੋ ਉਹ ਆਪਣੀ ਸਮੱਸਿਆਂ ਖੁਲ ਕੇ ਦੱਸ ਸਕਣ ਅਤੇ ਉਹ ਕਿਸੇ ਗਲਤ ਸੰਗਤ ਵਿਚ ਫਸਣ ਤੋਂ ਬੱਚ ਸਕਣ। ਸਾਡਾ ਇਹ ਵਤੀਰਾ ਹੀ ਅਧਿਆਪਨ ਕਿਤੇ ਨੂੰ ਉਚਾਈਆਂ ਤੱਕ ਲੈ ਜਾ ਸਕਦਾ ਹੈ ਅਤੇ ਸਮਾਜ ਨੂੰ ਚੰਗੇ ਨਾਗਰਿਕ ਦੇਣ ਵਿਚ ਸਹਾਈ ਹੋ ਸਕਦਾ ਹੈ।

LEAVE A REPLY

Please enter your comment!
Please enter your name here