ਸਰਕਾਰੀ ਆਈ.ਟੀ.ਆਈ. ਦੇ 11 ਸਿੱਖਿਆਰਥੀਆਂ ਦੀ ਪਲੇਸਮੈਂਟ ਕੈਂਪ ਦੌਰਾਨ ਹੋਈ ਨੌਕਰੀ ਲਈ ਚੋਣ

ਪਟਿਆਲਾ (ਦ ਸਟੈਲਰ ਨਿਊਜ਼) । ਪਟਿਆਲਾ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਲੱਗੇ ਪਲੇਸਮੈਂਟ ਕੈਂਪ ਦੌਰਾਨ ਆਈ.ਟੀ.ਆਈ ਦੇ 11 ਸਿੱਖਿਆਰਥੀਆਂ ਦੀ ਚੋਣ ਐਲ.ਐਂਡ.ਟੀ ਕੰਪਨੀ ਵਿੱਚ ਫ਼ਰੰਟ ਲਾਈਨ ਸੁਪਰਵਾਈਜ਼ਰ ਵਜੋਂ ਹੋਈ ਹੈ। ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਚੁਣੇ ਗਏ ਸਿੱਖਿਆਰਥੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕੀਤੀ ਗਈ ਮਿਹਨਤ ਦੇ ਚੰਗੇ ਨਤੀਜੇ ਜ਼ਰੂਰ ਆਉਂਦੇ ਹਨ।
ਸਾਕਸ਼ੀ ਸਾਹਨੀ ਨੇ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਇਕਾਗਰ ਚਿੱਤ ਹੋ ਕੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਆਪਣੀ ਯੋਗਤਾ ਨੂੰ ਸਾਬਤ ਕਰਦਿਆਂ ਜੀਵਨ ਵਿੱਚ ਵਿੱਤੀ ਤੌਰ ‘ਤੇ ਸਮਰੱਥ ਅਤੇ ਸਫ਼ਲ ਹੋ ਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੋ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਜੁਧਜੀਤ ਸਿੰਘ ਨੇ ਦੱਸਿਆ ਕਿ ਐਲ.ਐਂਡ.ਟੀ ਕੰਪਨੀ ਵੱਲੋਂ ਕੈਂਪਸ ਦਾ ਦੌਰਾ ਕੀਤਾ ਗਿਆ ਅਤੇ ਸੰਸਥਾ ਦੇ ਪਾਸ ਆਊਟ ਸਿੱਖਿਆਰਥੀਆਂ ਦੀ ਪਲੇਸਮੈਂਟ ਕਰਨ ਲਈ ਟੈਸਟ ਹੋਣ ਉਪਰੰਤ ਇੰਟਰਵਿਊ ਵੀ ਲਈ ਗਈ। ਇਸ ਵਿੱਚ 11 ਸਿੱਖਿਆਰਥੀਆਂ ਦੀ ਫ਼ਰੰਟ ਲਾਈਨ ਸੁਪਰਵਾਈਜ਼ਰ ਵਜੋਂ ਐਲ.ਐਡ.ਟੀ ਕੰਪਨੀ ਵਿੱਚ ਚੋਣ ਹੋਈ ਹੈ।
ਸੰਸਥਾ ਦੇ ਪਲੇਸਮੈਂਟ ਇੰਚਾਰਜ ਗੁਰਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਨੌਕਰੀ ਲਈ ਚੁਣੇ ਸਿੱਖਿਆਰਥੀਆਂ ਨੂੰ ਕੰਪਨੀ ਵੱਲੋਂ 25000 ਰੁਪਏ ਮਹੀਨਾ ਤਨਖ਼ਾਹ ਤਨਖ਼ਾਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਵੱਲੋਂ ਇਹਨਾਂ ਸਿੱਖਿਆਰਥੀਆਂ ਦੀ ਮੁਫ਼ਤ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐੱਲ.ਐਡ.ਟੀ ਕੰਪਨੀ ਸਿਰਫ਼ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਸਿੱਖਿਆਰਥੀਆਂ ਦੀ ਪਲੇਸਮੈਂਟ ਲਈ ਇਸ ਸੰਸਥਾ ਵਿਖੇ ਹਰ ਸਾਲ ਕਈ ਸਿੱਖਿਆਰਥੀਆਂ ਨੂੰ ਪਲੇਸਮੈਂਟ ਦੇਣ ਲਈ ਕੈਂਪਸ ਰਿਕਰੂਟਮੈਂਟ ਪ੍ਰੋਗਰਾਮ ਕਰਵਾਉਂਦੀ ਹੈ। ਇਸ ਮੌਕੇ ਸੰਸਥਾ ਦੇ ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਜਗਦੀਪ ਸਿੰਘ ਜੋਸ਼ੀ, ਸੰਜੇ ਧੀਰ ਅਤੇ ਹਰੀਸ਼ ਕੁਮਾਰ ਸਰਵੇਅਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Advertisements

LEAVE A REPLY

Please enter your comment!
Please enter your name here