ਪਟਿਆਲਵੀਂਆਂ ਨੂੰ ਜੋੜਨ ਲਈ ਰੋਜ਼ਗਾਰ ਬਿਊਰੋ ਵੱਲੋਂ ਨਿਵੇਕਲਾ ਉਪਰਾਲਾ, ਕੱਢੀ ਜਾਗਰੂਕਤਾ ਮੋਟਰਸਾਈਕਲ ਰੈਲੀ

ਪਟਿਆਲਾ (ਦ ਸਟੈਲਰ ਨਿਊਜ਼) । ਉੱਦਮੀਆਂ ਨੂੰ ਕਾਰੋਬਾਰ ਵਿਚ ਅਥਾਹ ਮੌਕੇ ਪ੍ਰਦਾਨ ਕਰਨ ਅਤੇ ਨਵੇਂ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਫਿਊਚਰ ਟਾਈਕੂਨ ਸਟਾਰਟਅੱਪ ਚੈਲੇਂਜ’ ਦਾ ਦੂਜਾ ਐਡੀਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕਾਂ ਨੂੰ ਜੋੜਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਆਈ.ਟੀ.ਆਈ ਲੜਕੇ ਤੇ ਥਾਪਰ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਮੋਟਰ ਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ 2023 ਨੂੰ ਫਿਊਚਰ ਟਾਈਕੂਨ (ਭਵਿੱਖ ਦੇ ਕਾਰੋਬਾਰੀ) ਦੇ ਦੂਜੇ ਸਟਾਰਟਅੱਪ ਚੈਲੇਂਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ‘ਤੇ ਅਪਲਾਈ ਕਰਨ ਦੀ ਆਖਰੀ ਮਿਤੀ 15 ਸਤੰਬਰ 2023 ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਰਵਾਏ ਗਏ ਫਿਊਚਰ ਟਾਈਕੂਨ ਸਟਾਰਟਅੱਪ ਚੈਲੇਂਜ ਦੀ ਸਫ਼ਲਤਾ ਤੋਂ ਬਾਅਦ ਇਸ ਸਾਲ ਫਿਊਚਰ ਟਾਈਕੂਨ ਦਾ ਦੂਜਾ ਸੀਜ਼ਨ ਕਰਵਾਇਆ ਜਾ ਰਿਹਾ ਹੈ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸ਼ੁਰੂ ਕੀਤਾ ਗਿਆ ਦੂਜਾ ‘ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੇਂਜ’ ਉਨ੍ਹਾਂ ਉਦਮੀਆਂ ਲਈ ਬਹੁਤ ਲਾਭਦਾਇਕ ਹੈ, ਜਿਨ੍ਹਾਂ ਕੋਲ ਵਪਾਰ ਲਈ ਨਵੇਂ ਵਿਚਾਰ ਹਨ ਤੇ ਉਨ੍ਹਾਂ ਨੂੰ ਮੌਕੇ ਦੀ ਤਲਾਸ਼ ਹੈ, ਇਹ ਮੰਚ ਉਨ੍ਹਾਂ ਉਦਮੀਆਂ ਨੂੰ ਬਿਹਤਰੀਨ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਇਹ ਅਦਾਰਾ ਅਸਲ ਮਾਅਨਿਆਂ ‘ਚ ਸਮਾਜ ਦੇ ਹਰੇਕ ਵਰਗ ਨੂੰ ਰੋਜ਼ਗਾਰ ਤੇ ਕਾਰੋਬਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਾਰਥਕ ਕੰਮ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ 15 ਸਤੰਬਰ ਤੱਕ ਚੱਲਣ ਵਾਲੀ ਰਜਿਸਟਰੇਸ਼ਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਕੋਲ ਪੁੱਜਣ ਵਾਲੇ ਸੰਕਲਪਾਂ ‘ਚੋਂ ਚੁਣੇ ਸਭ ਤੋਂ ਬਿਹਤਰ ਸੰਕਲਪ ਜਾਂ ਯੋਜਨਾ ਭੇਜਣ ਵਾਲੇ ਭਵਿੱਖੀ ਕਾਰੋਬਾਰੀ ਆਪਣੀ ਪ੍ਰੈਜੈਂਟੇਸ਼ਨ ਦੇਣਗੇ ਅਤੇ ਹਰ ਵਰਗ ਦੇ ਜੇਤੂਆਂ ਨੂੰ 50-50 ਹਜਾਰ ਰੁਪਏ ਨਕਦ, ਸੀਡ ਫੰਡਿੰਗ, ਏਂਜਲ ਇਨਵੈਸਟਰ ਵੱਲੋਂ ਨਿਵੇਸ਼ ਸਹਾਇਤਾ ਤੋਂ ਇਲਾਵਾ ਕਰਜ਼ ਤੇ ਸਬਸਿਡੀ, ਸਟਾਰਟ-ਅੱਪ ਪੋਰਟਲ ‘ਤੇ ਰਜਿਸਟ੍ਰੇਸ਼ਨ ਆਦਿ ਮੁਹੱਈਆ ਕਰਵਾਏਗਾ। ਜਦਕਿ ਹੋਰ ਵਧੀਆ ਸੁਝਾਓ ਭੇਜਣ ਵਾਲਿਆਂ ਨੂੰ ਬੈਂਕ ਟਾਈ-ਅਪ ਤੇ ਰਾਏ-ਮਸ਼ਵਰੇ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਆਪਣਾ ਉੱਦਮ ਸ਼ੁਰੂ ਕਰਨ ਦੇ ਇਛੁੱਕ ਵਿਅਕਤੀ ਰਜਿਸਟ੍ਰੇਸ਼ਨ ਵਾਸਤੇ https://tinyurl.com/DwCaeCkb ਪੋਰਟਲ ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

Advertisements

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਕੰਵਲ ਪੁਨੀਤ ਕੌਰ ਨੇ ਦੱਸਿਆ ਕਿ ਬਿਊਰੋ ਵੱਲੋਂ ਵੱਧ ਤੋਂ ਵੱਧ ਲੋਕਾਂ ਤੱਕ ਇਸ ਪ੍ਰੋਜੈਕਟ ਸਬੰਧੀ ਪਹੁੰਚ ਬਣਾਉਣ ਲਈ ਰੋਜ਼ਾਨਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਸਕੂਲਾਂ, ਕਾਲਜਾ, ਵੱਖ ਵੱਖ ਵਪਾਰਕ ਅਦਾਰਿਆ ਸਮੇਤ ਰੇੜੀ ਫੜੀ ਲਗਾਉਣ ਵਾਲੇ ਵਿਅਕਤੀ ਤੱਕ ਪਹੁੰਚ ਬਣਾਈ ਗਈ ਹੈ ਤੇ ਆਉਣ ਵਾਲੇ ਦਿਨਾਂ ‘ਚ ਵੀ ਬਿਊਰੋ ਵੱਲੋਂ ਉਪਰਾਲੇ ਜਾਰੀ ਰੱਖੇ ਜਾਣਗੇ ਤਾਂ ਜੋ ਵੱਧ ਤੋ ਵੱਧ ਉਦਮੀ ਇਸ ਦਾ ਲਾਭ ਉਠਾ ਸਕਣ। ਇਸ ਮੌਕੇ ਰੋਜ਼ਗਾਰ ਬਿਊਰੋ ਦੇ ਡਿਪਟੀ ਸੀ.ਈ.ਓ. ਸਤਿੰਦਰ ਸਿੰਘ, ਆਈ.ਟੀ.ਆਈ ਲੜਕੇ ਦੇ ਪ੍ਰਿੰਸੀਪਲ ਯੁਧਜੀਤ ਸਿੰਘ, ਥਾਪਰ ਕਾਲਜ ਤੋਂ ਡਾ. ਰਜਨੀਸ਼ ਤੇ ਮਨਦੀਪ ਸਿੰਘ, ਟਰੇਨਿੰਗ ਅਫ਼ਸਰ ਸੰਜੇ ਧੀਰ, ਜਗਦੀਪ ਜੋਸ਼ੀ, ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਰੁਪਿੰਦਰ ਕੌਰ ਤੇ ਗੁਰਪ੍ਰੀਤ ਚਹਿਲ ਵੀ ਮੌਜੂਦ ਸਨ।

LEAVE A REPLY

Please enter your comment!
Please enter your name here