ਪਰਾਲੀ ਨਾ ਸਾੜਨ ਲਈ ਆਪਣੇ ਮਾਪਿਆਂ ਤੇ ਪਿੰਡ ਦੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਨ ਮਿੱਤਰ ਨਿੱਤਰੇ ਮੈਦਾਨ ਵਿਚ

ਫਾਜਿ਼ਲਕਾ (ਦ ਸਟੈਲਰ ਨਿਊਜ਼): ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਆਰੰਭ ਕੀਤੇ ਨਿਵੇਕਲੇ ਵਾਤਾਵਰਨ ਮਿੱਤਰ ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਲਾਲੋਵਾਲੀ ਦੇ ਸਰਕਾਰੀ ਸਕੂਲ ਤੋਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵਾਤਾਵਰਨ ਮਿੱਤਰ ਬਣੇ ਵਿਦਿਆਰਥੀਆਂ ਨੂੰ ਸਹੂੰ ਚੁੱਕਾ ਕੇ ਕਰਵਾਈ ਹੈ। ਝੋਨੇ ਦੀ ਖੇਤੀ ਕਰਨ ਵਾਲੇ ਸਾਰੇ ਪਿੰਡਾਂ ਦੇ ਸਕੂਲਾਂ ਵਿਚ 4-4 ਵਿਦਿਆਰਥੀਆਂ ਨੂੰ ਵਾਤਾਵਰਨ ਮਿੱਤਰ ਬਣਾਇਆ ਗਿਆ ਹੈ ਜ਼ੋ ਕਿ ਆਪਣੇ ਮਾਪਿਆਂ ਦੇ ਨਾਲ ਨਾਲ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਣਗੇ।ਇਹ ਵਿਦਿਆਰਥੀ ਮਿੱਤਰ ਉਨ੍ਹਾਂ ਪਿੰਡਾਂ ਵਿਚ ਤਾਇਨਾਤ ਕੀਤੇ ਗਏ ਹਨ ਜਿੱਥੇ ਪਿੱਛਲੇ ਸਾਲ ਅੱਗ ਲੱਗਣ ਦੀਆਂ ਜਿਆਦਾ ਘਟਨਾਵਾਂ ਵਾਪਰੀਆਂ ਸਨ।

Advertisements

ਇਸ ਤੋਂ ਬਿਨ੍ਹਾਂ ਜਿ਼ਲ੍ਹੇ ਦੇ ਸਾਰੇ ਸਕੂਲਾਂ ਵਿਚ ਵਿਦਿਆਰਥੀ ਆਪਣੇ ਮਾਪਿਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਕਰ ਰਹੇ ਹਨ ਅਤੇ ਹੁਣ ਤੱਕ 108 ਸਕੂਲਾਂ ਦੇ 21 ਹਜਾਰ ਵਿਦਿਆਰਥੀ ਜਿ਼ਲ੍ਹੇ ਵਿਚ ਇਹ ਪ੍ਰਣ ਕਰ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਮਨੁੱਖਤਾ ਨੂੰ ਖਤਰਾ ਹੋ ਰਿਹਾ ਹੈ। ਇਸ ਲਈ ਸਾਰੇ ਲੋਕ ਇਸ ਦੇ ਨੁਕਸਾਨ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਪਰਾਲੀ ਦੀ ਸੰਭਾਲ ਕਰਕੇ ਕਣਕ ਦੀ ਬਿਜਾਈ ਕਰੀਏ। ਉਨ੍ਹਾਂ ਨੇ ਕਿਹਾ ਕਿ ਹੁਣ ਬਹੁਤ ਹੀ ਸਸਤੇ ਤਰੀਕੇ ਵੀ ਉਪਲਬੱਧ ਹਨ ਅਤੇ ਪਰਾਲੀ ਸੰਭਾਲ ਦੀਆਂ ਮਸ਼ੀਨਾਂ ਤੇ ਸਰਕਾਰ ਵੱਡੀ ਸਬਸਿਡੀ ਵੀ ਦੇ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਿੰਡ ਵਿਚ ਪਿੱਛਲੇ ਸਾਲ ਪਰਾਲੀ ਸਾੜਨ ਦੀਆਂ ਜਿਆਦਾ ਘਟਨਾਵਾਂ ਹੋਈਆਂ ਸਨ, ਪਰ ਹੁਣ ਅਸੀਂ ਇਸ ਕਲੰਕ ਨੂੰ ਧੋ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਹੁਣ ਇੱਥੇ ਪਰਾਲੀ ਨਹੀਂ ਸੜੇਗੀ ਤਾਂ ਉਹ ਦੁਬਾਰਾ ਇੰਨ੍ਹਾਂ ਬੱਚਿਆਂ ਨਾਲ ਸਮਾਗਮ ਕਰਨ ਲਈ ਪਹੁੰਚਣਗੇ ਅਤੇ ਜ਼ੋ ਪੰਚਾਇਤ ਪਰਾਲੀ ਸਾੜਨ ਦੀ ਪ੍ਰਥਾ ਨੂੰ ਬੰਦ ਕਰਵਾਏਗੀ ਉਨ੍ਹਾਂ ਪਿੰਡਾਂ ਵਿਚ ਮਗਨਰੇਗਾ ਸਕੀਮ ਤਹਿਤ ਜਿਆਦਾ ਵਿਕਾਸ ਕਾਰਜ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਨੇ ਵਾਤਾਵਰਨ ਮਿੱਤਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਸੁਨੇਹਾ ਘਰ ਘਰ ਤੱਕ ਲੈਕੇ ਜਾਣ। ਇਸ ਮੌਕੇ ਜਿ਼ਲ੍ਹਾ ਸਿੱਖਿਆ ਅਫ਼ਸਰ ਸੁਖਬੀਰ ਸਿੰਘ ਬੱਲ, ਪ੍ਰਿੰਸੀਪਲ ਮਨੋਜ਼ ਕੁਮਾਰ, ਜੀਓਗ੍ਰਾਫੀ ਲੈਕਚਰਾਰ ਖਰੈਤ ਚੰਦ, ਖੇਤੀਬਾੜੀ ਅਫ਼ਸਰ ਮਮਤਾ ਰਾਣੀ ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਪਲਕ, ਨਕੀਤਾ ਦੇਵੀ, ਅੰਜਲੀ, ਸੀਨਮ ਨੇ ਪਰਾਲੀ ਸਬੰਧੀ ਕਵਿਤਾਵਾਂ ਅਤੇ ਭਾਸ਼ਣ ਦਿੱਤੇ। ਇਸ ਮੌਕੇ ਸਰਪੰਚ ਰਮੇਸ਼ ਰਾਣੀ, ਨੋਡਲ ਅਫ਼ਸਰ ਸਤਿੰਦਰ ਬੱਤਰਾ ਸਤਿੰਦਰ ਸਚਦੇਵਾ ਅਤੇ ਪਿੰਡ ਦੇ ਪਤਵੰਤੇ ਵੀ ਹਾਜਰ ਸਨ।

LEAVE A REPLY

Please enter your comment!
Please enter your name here