56 ਪਟਵਾਰੀ ਉਮੀਦਵਾਰਾਂ ਦੀ ਵਿਭਾਗੀ ਪ੍ਰੀਖਿਆ 3 ਅਕਤੂਬਰ ਤੋਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵਲੋਂ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ’ਚ 3 ਅਕਤੂਬਰ ਤੋਂ 9 ਅਕਤੂਬਰ 2023 ਤੱਕ (8 ਅਕਤੂਬਰ ਨੂੰ ਛੱਡ ਕੇ) ਸਿੱਧੀ ਭਰਤੀ ਅਤੇ ਤਰਸ ਦੇ ਆਧਾਰ ’ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਭਰਤੀ ਕੀਤੇ ਗਏ 56 ਪਟਵਾਰੀ ਉਮੀਦਵਾਰਾਂ ਦੀ ਵਿਭਾਗੀ ਪ੍ਰੀਖਿਆ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ ਪ੍ਰੀਤਇੰਦਰ ਸਿੰੰਘ ਬੈਂਸ, ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

Advertisements

ਵਿਭਾਗੀ ਪ੍ਰੀਖਿਆ ਸਬੰਧੀ ਤਿਆਰੀਆਂ ਨੂੰ ਲੈ ਕੇ ਵਧੀਕ ਡਿਪਟ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਪ੍ਰਿੰਸੀਪਲ ਸਰਕਾਰੀ ਕਾਲਜ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗੀ ਪ੍ਰੀਖਿਆ ਦੇਣ ਆਏ ਉਮੀਦਵਾਰ ਦਾ ਨਿੱਜੀ ਸਾਮਾਨ ਜਿਵੇਂ ਕਿ ਬੈਗ, ਮੋਬਾਇਲ ਫੋਨ, ਸਮਾਰਟ ਵਾਚ, ਕੈਲਕੂਲੇਟਰ ਅਤੇ ਹੋਰ ਇਲੈਕਟ੍ਰੋਨਿਕ ਸਮੱਗਰੀ ਆਦਿ ਰੱਖਣ ਲਈ ਕਾਲਜ ਦੇ ਮੇਨ ਗੇਟ ਦੇ ਨਜ਼ਦੀਕ ਇਕ ਕਮਰੇ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 3 ਅਕਤੂਬਰ ਤੋਂ 9 ਅਕਤੂਬਰ ਤੱਕ (8 ਅਕਤੂਬਰ ਨੂੰ ਛੱਡ ਕੇ) ਪ੍ਰੀਖਿਆ ਦੇ ਸਾਰੇ ਦਿਨਾਂ ਵਿਚ ਸੁਰੱਖਿਆ ਦੇ ਉਚਿਤ ਪ੍ਰਬੰਧ ਕਰਵਾਉਣ। ਉਨ੍ਹਾਂ ਕਿਹਾ ਕਿ ਪ੍ਰੀਖਿਆ ਵਿਚ ਮਹਿਲਾ ਉਮੀਦਵਾਰ ਵੀ ਬੈਠਣਗੀਆਂ, ਇਸ ਲਈ ਮਹਿਲਾ ਪੁਲਿਸ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗੀ ਨਿਰਦੇਸ਼ਾਂ ਦੇ ਮੁਤਾਬਕ ਕੋਈ ਵੀ ਪ੍ਰੀਖਿਆਰਥੀ ਇਲੈਕਟ੍ਰੋਨਿਕ ਜਿਵੇਂ ਕਿ ਮੋਬਾਇਲ ਫੋਨ, ਸਮਾਰਟ ਵਾਚ, ਕੈਲਕੂਲੇਟਰ ਆਦਿ ਪ੍ਰੀਖਿਆ ਕੇਂਦਰ ਵਿਚ ਨਹੀਂ ਲਿਜਾ ਸਕਦਾ ਹੈ, ਇਸ ਲਈ ਮੇਟ ਗੇਟ ’ਤੇ ਹੀ ਡੀ.ਐਫ.ਐਮ.ਡੀ ਦਾ ਪ੍ਰਬੰਧ ਕੀਤਾ ਜਾਵੇ।

ਰਾਹੁਲ ਚਾਬਾ ਨੇ ਦੱਸਿਆ ਕਿ ਪ੍ਰੀਖਿਆ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਪ੍ਰੀਖਿਆ ਦੇ ਸਾਰੇ ਦਿਨਾਂ ਦੀ ਪੂਰੀ ਵੀਡੀਓਗ੍ਰਾਫ਼ੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰੀਖਿਆ ਵਿਚ ਡਿਊਟੀ ਲਗਾਈ ਗਈ ਹੈ, ਉਹ ਦੱਸੇ ਗਏ ਸਮੇਂ ਅਨੁਸਾਰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਉਣ।  

LEAVE A REPLY

Please enter your comment!
Please enter your name here