‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਲੜਕੀਆਂ ਲਈ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਦੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ‘ਨਾਂਦੀ ਫਾਊਂਡੇਸ਼ਨਜ਼ ਮਹਿੰਦਰਾ ਪ੍ਰਾਈਡ ਕਲਾਸਰੂਮ’ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਢੋਲਵਾਹਾ ਵਿਖੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ 6 ਰੋਜ਼ਾ (ਕੁੱਲ 36 ਘੰਟੇ) ਦੀ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਇਸ ਮੁਫ਼ਤ ਵਰਕਸ਼ਾਪ ਵਿਚ ਸਰਕਾਰੀ ਕਾਲਜ ਦੀਆਂ 62 ਵਿਦਿਆਰਥਣਾਂ ਹਿੱਸਾ ਲੈ ਰਹੀਆਂ ਹਨ। ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ‘ਨਾਂਦੀ ਫਾਊਂਡੇਸ਼ਨਜ਼ ਮਹਿੰਦਰਾ ਪ੍ਰਾਈਡ ਕਲਾਸਰੂਮ’ ਦੇ ਟ੍ਰੇਨਰ ਅੰਜੂ ਜੈਨ ਨੇ ਵਿਦਿਆਰਥਣਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਅਤੇ ਹੁਨਰ ਨੂੰ ਵਿਕਸਤ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਤਾਂ ਜੋ ਉਹ ਆਪਣੇ ਜੀਵਨ ਦੀਆਂ ਔਕੜਾਂ ਨੂੰ ਦੂਰ ਕਰਦਿਆਂ ਕਾਮਯਾਬ ਬਣ ਸਕਣ ਅਤੇ ਰੋਜ਼ਗਾਰ ਪ੍ਰਾਪਤ ਕਰ ਸਕਣ।

Advertisements

ਪਲੇਸਮੈਂਟ ਅਫ਼ਸਰ ਰਾਕੇਸ਼ ਕੁਮਾਰ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਵਿਦਿਆਰਥੀ ਜੀਵਨ ਵਿਚ ਉਹ ਪੜ੍ਹਾਈ ਕਰਦਿਆਂ ਕੇਵਲ ਕਿਤਾਬੀ ਗਿਆਨ ਵਿਚ ਹੀ ਨਾ ਉਲਝੀਆਂ ਰਹਿੰਦੀਆਂ ਹਨ ਅਤੇ ਜਦੋਂ ਉਹ ਰੋਜ਼ਗਾਰ ਦੀ ਭਾਲ ਵਿਚ ਜਾਂਦੀਆਂ ਹਨ ਤਾਂ ਉਹ ਸਾਫਟ ਸਕਿੱਲਜ਼ ਅਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਕਮੀ ਹੋਣ ਕਾਰਨ ਇੰਟਰਵਿਊ ਪਾਸ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਪ੍ਰਾਰਥੀਆਂ ਲਈ ਸਾਫਟ ਸਕਿੱਲਜ਼ ਅਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਟ੍ਰੇਨਿੰਗ ਬੇਹੱਦ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ, ਕਿਸ ਤਰ੍ਹਾਂ ਇੰਟਰਵਿਊ ਵਿਚ ਬੈਠਣਾ ਹੈ ਅਤੇ ਕਿਸ ਤਰ੍ਹਾਂ ਆਪਣੀ ਡਰੈਸਿੰਗ ਰੱਖਣੀ ਹੈ, ਆਦਿ ਬਾਰੇ ਪਤਾ ਹੋਣਾ ਜ਼ਰੂਰੀ ਹੈ, ਜੋ ਇਸ ਟ੍ਰੇਨਿੰਗ ਵਿਚ ਮੁਹੱਈਆ ਕਰਵਾਈ ਜਾਵੇਗੀ।

ਯੰਗ ਪ੍ਰੋਫੈਸ਼ਨਲ ਵਿਕਰਮ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਵਿਚ ਆਈਆਂ ਸਾਰੀਆਂ ਵਿਦਿਆਰਥਣਾਂ ਨੂੰ ਇਸ ਮੁਫ਼ਤ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ 6 ਰੋਜ਼ਾ ਟ੍ਰੇਨਿੰਗ ਤੋਂ ਬਾਅਦ ਵਿਦਿਆਰਥਣਾਂ ਨੂੰ ਇਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜੋ ਕਿ ਉਨ੍ਹਾਂ ਨੂੰ ਭਵਿੱਖ ਵਿਚ ਰੋਜ਼ਗਾਰ ਹਾਸਲ ਵਿਚ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਇਸ ਮੌਕੇ ਪ੍ਰਿੰਸੀਪਲ ਡਾ. ਕਸ਼ਮੀਰੀ ਲਾਲ, ਇੰਚਾਰਜ ਪਲੇਸਮੈਂਟ ਸੈੱਲ ਮੈਡਮ ਰੰਜਨਾ ਤੇ ਹੋਰ ਹਾਜ਼ਰ ਸਨ। 

LEAVE A REPLY

Please enter your comment!
Please enter your name here