ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਿੰਡ ਬਿੰਜੋ ’ਚ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ) ਹੁਸ਼ਿਆਰਪੁਰ ਵਲੋਂ ਪਰਾਲੀ ਪ੍ਰਬੰਧਨ ਲਈ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਝੋਨੇ ਦੀ ਪਰਾਲੀ ਦੇ ਸੁਚਾਰੂ ਪ੍ਰਬੰਧਨ ਸਬੰਧੀ ਅਪਣਾਏ ਗਏ ਪਿੰਡ ਬਿੰਜੋ ਵਿਚ 12 ਅਕਤੂਬਰ ਨੂੰ ਕ੍ਰਿਸ਼ੀ ਅਤੇ ਕਿਸਾਨ ਭਲਾਈ ਵਿਭਾਗ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਪਿੰਡ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

Advertisements


ਕੈਂਪ ਦੀ ਸ਼ੁਰੂਆਤ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਹਾਜ਼ਰ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਅਤੇ ਉਪਲਬੱਧ ਮਸ਼ੀਨਰੀ ਤੇ ਤਕਨੀਕ ਰਾਹੀਂ ਇਸ ਦਾ ਯੋਗ ਪ੍ਰਬੰਧ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਅਭਿਆਨ ਦੇ ਰੂਪ ਵਿਚ ਪਿੰਡ ਅਪਣਾ ਕੇ ਅਤੇ ਪਰਾਲੀ ਪ੍ਰਬੰਧਨ ਸਬੰਧੀ ਵੱਖ-ਵੱਖ ਗਤੀਵਿਧੀਆਂ, ਜਿਵੇਂ ਕਿ ਜਾਗਰੂਕਤਾ ਕੈਂਪਾਂ, ਸਿਖਲਾਈ, ਪ੍ਰਦਰਸ਼ਨੀਆਂ, ਦੀਵਾਰਾਂ ’ਤੇ ਪੇਂਟਿੰਗ, ਹੋਰਡਿੰਗਜ਼, ਕ੍ਰਿਸ਼ੀ ਸਾਹਿਤ ਆਦਿ ਰਾਹੀਂ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਬੌਂਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਸਮੂਹਿਕ ਰੂਪ ਵਿਚ ਇਸ ਅਭਿਆਨ ਨੂੰ ਸਫ਼ਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਬਲਾਕ ਵਿਚ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬੈਂਕਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਿਸਾਨ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦੀ ਵਰਤੋਂ ਸਾਂਝੇ ਤੌਰ ’ਤੇ ਕਰਨ, ਤਾਂ ਜੋ ਇਸ ਦਾ ਪੂਰਾ ਫਾਇਦਾ ਲਿਆ ਜਾ ਸਕੇ।


ਇਸ ਮੌਕੇ ਕੇ.ਵੀ.ਕੇ ਦੇ ਸਹਾਇਕ ਪ੍ਰੋਫੈਸਰ (ਕ੍ਰਿਸ਼ੀ ਇੰਜੀਨੀਅਰ) ਡਾ. ਅਜਾਇਬ ਸਿੰਘ ਨੇ ਪਰਾਲੀ ਵਿਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕ੍ਰਿਸ਼ੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧ ਤਕਨੀਕਾਂ, ਕੰਬਾਇਨਾਂ ’ਤੇ ਲੱਗਣ ਵਾਲੇ ਸੁਪਰ ਐਸ.ਐਮ.ਐਸ, ਸਰਫੇਸ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਹੈਪੀ ਸੀਡਰ, ਜ਼ੀਰੋ ਡਰਿੱਲ, ਉਲਟਾਵਾਂ ਹੱਲ, ਮਲਚਰ, ਕਟਰ ਤੇ ਪਰਾਲੀ ਦੀਆਂ ਗੱਠਾਂ ਬਣਾਉਣ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਪਰਮਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦਾ ਮਸ਼ਰੂਮ ਉਤਪਾਦਨ, ਊਰਜਾ, ਮਲਚ ਤੇ ਗੋਬਰ ਗੈਸ ਪਲਾਂਟ ਦੀ ਵਰਤੋਂ, ਪਸ਼ੂ ਖੁਰਾਕ ਵਜੋਂ ਵਰਤੋਂ ਅਤੇ ਦੁਧਾਰੂ ਪਸ਼ੂਆਂ ਦੀ ਸੰਭਾਲ ਬਾਰੇ ਵਿਸਥਾਰ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ।


ਇਸ ਜਾਗਰੂਕਤਾ ਕੈਂਪ ਵਿਚ ਕ੍ਰਿਸ਼ੀ ਤੇ ਕਿਸਾਨ ਭਲਾਈ ਵਿਭਾਗ ਗੜ੍ਹਸ਼ੰਕਰ ਤੋਂ ਕ੍ਰਿਸ਼ੀ ਵਿਕਾਸ ਅਫ਼ਸਰ ਗੁਰਿੰਦਰ ਸਿੰਘ ਤੇ ਬਲਾਕ ਟੈਕਨਾਲੋਜੀ ਮੈਨੇਜਰ ਕੁਲਵਿੰਦਰ ਸਾਹਨੀ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਵਿਭਾਗ ਦੀ ਕਿਸਾਨ ਭਲਾਈ ਗਤੀਵਿਧੀਆਂ, ਕਣਕ ਦੀ ਬੀਜ ਸਬਸਿਡੀ ਪਾਲਸੀ ਅਤੇ ਆਤਮਾ ਸਕੀਮ ਬਾਰੇ ਮੌਜੂਦ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।

LEAVE A REPLY

Please enter your comment!
Please enter your name here