ਖੇਡਾਂ ਵਤਨ ਪੰਜਾਬ ਦੀਆ ਦੇ ਸੂਬਾ ਪੱਧਰੀ ਖੇਡ ਮੁਕਾਬਲੇ ਧੂਮ ਧੜਾਕੇ ਨਾਲ ਸ਼ੁਰੂ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਰਾਜ ਪੱਧਰੀ ਖੇਡਾਂ ਦਾ ਆਗਾਜ਼ ਬੜੇ ਹੀ ਧੂਮ ਧੜਾਕੇ ਨਾਲ ਹੋਇਆ। ਇਸ ਵਿੱਚ ਅੰਡਰ-14 ਅਤੇ 17 ਦੇ ਮੁਕਾਬਲੇ ਸ਼ੁਰੂ ਹੋਏ। ਪੋਲੋ ਗਰਾਊਂਡ ਪਟਿਆਲਾ ਵਿਖੇ ਖੋਹ-ਖੋਹ ਅਤੇ ਆਰਚਰੀ ਗੇਮਾਂ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਕਬੱਡੀ ਸਰਕਲ ਸਟਾਈਲ ਅਤੇ ਰਗਬੀ ਗੇਮਾਂ ਕਰਵਾਈਆਂ ਜਾ ਰਹੀਆਂ ਹਨ।

Advertisements

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ  ਦੱਸਿਆ ਕਿ ਪੰਜਾਬ ਸੂਬੇ ਦੇ ਸਾਰੇ ਖਿਡਾਰੀ/ਖਿਡਾਰਨਾਂ ਪਟਿਆਲਾ ਵਿਖੇ ਮਿਤੀ 17-10-2023 ਨੂੰ ਹੀ ਪਹੁੰਚ ਗਏ ਸਨ। ਡਿਪਟੀ ਕਮਿਸ਼ਨਰ ਪਟਿਆਲਾ ਦੀ ਪ੍ਰਧਾਨਗੀ ਹੇਠ ਖਿਡਾਰੀ/ਖਿਡਾਰਨਾਂ ਦੀ ਰਿਹਾਇਸ਼ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਵਿਭਾਗ ਦੇ ਕੋਚਿੰਜ ਦੀ ਡਿਊਟੀ ਵੱਖ-ਵੱਖ ਸਕੂਲਾਂ ਵਿਖੇ ਰਿਹਾਇਸ਼ ਵਾਲੇ ਸਥਾਨ ਤੇ ਲਗਾਈ ਗਈ ਹੈ ਤਾਂ ਜੋ ਖਿਡਾਰੀਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ। ਇਸ ਤੋਂ ਇਲਾਵਾ ਲੜਕੀਆਂ ਦੀ ਰਿਹਾਇਸ਼ ਵਾਲੇ ਸਥਾਨ ਤੇ ਵਿਭਾਗ ਦੇ ਲੇਡੀਜ਼ ਕੋਚਿੰਜ ਦੀ ਡਿਊਟੀ ਰਾਤ ਦੇ ਸਮੇਂ ਵੀ ਲਗਾਈ ਗਈ ਹੈ ਤਾਂ ਜੋ ਲੜਕੀਆਂ ਦੀ ਸੇਫ਼ਟੀ ਦਾ ਖ਼ਿਆਲ ਰੱਖਿਆ ਜਾ ਸਕੇ।

ਉਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋਹ-ਖੋਹ ਦੇ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਫ਼ਰੀਦਕੋਟ ਨੇ ਤਰਨਤਾਰਨ ਨੂੰ 2 ਅੰਕਾਂ ਨਾਲ ਹਰਾਇਆ, ਰੂਪਨਗਰ ਨੇ ਮਾਨਸਾ ਨੂੰ 5 ਅੰਕਾਂ ਨਾਲ, ਅੰਮ੍ਰਿਤਸਰ ਨੇ ਕਪੂਰਥਲਾ ਨੂੰ 1 ਅੰਕ ਨਾਲ ਅਤੇ ਲੁਧਿਆਣਾ ਨੇ ਗੁਰਦਾਸਪੁਰ ਨੂੰ 14 ਅੰਕਾਂ ਨਾਲ ਮਾਤ ਦਿੱਤੀ। ਅੰਡਰ 17 ਲੜਕਿਆਂ ਵਿੱਚ ਰੂਪਨਗਰ ਨੇ ਮੋਹਾਲੀ ਨੂੰ 1 ਅੰਕ ਨਾਲ, ਜਲੰਧਰ ਨੇ ਫ਼ਤਿਹਗੜ੍ਹ ਸਾਹਿਬ ਨੂੰ 19 ਅੰਕਾਂ ਨਾਲ ਅਤੇ ਹੁਸ਼ਿਆਰਪੁਰ ਨੇ ਫ਼ਰੀਦਕੋਟ ਨੂੰ 11 ਅੰਕਾਂ ਨਾਲ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ।

ਕਬੱਡੀ ਸਰਕਲ ਸਟਾਈਲ ਦੇ ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਫ਼ਰੀਦਕੋਟ ਨੇ ਗੁਰਦਾਸਪੁਰ ਨੂੰ 16-27 ਅੰਕਾਂ ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਪਟਿਆਲਾ ਨੂੰ 24-20 ਅੰਕਾਂ ਨਾਲ, ਬਠਿੰਡਾ ਨੇ ਅੰਮ੍ਰਿਤਸਰ ਨੂੰ 16-20, ਮਲੇਰਕੋਟਲਾ ਨੇ ਤਰਨਤਾਰਨ ਨੂੰ 20-13 ਅੰਕਾਂ ਨਾਲ ਹਰਾਇਆ।ਅੰਡਰ 17 ਉਮਰ ਵਰਗ ਵਿੱਚ ਲੜਕੀਆਂ ਦੇ ਮੈਚ ਵਿੱਚ ਫ਼ਰੀਦਕੋਟ ਨੇ ਤਰਨਤਾਰਨ ਨੂੰ 12-1, ਅੰਮ੍ਰਿਤਸਰ ਨੇ ਲੁਧਿਆਣਾ ਨੂੰ 25-5, ਫ਼ਾਜ਼ਿਲਕਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 25-13 ਨਾਲ ਹਰਾਇਆ। ਇਸੇ ਤਰਾਂ ਅੰਡਰ-17 ਲੜਕਿਆਂ ਵਿੱਚ ਮਾਨਸਾ ਨੇ ਫ਼ਿਰੋਜਪੁਰ ਨੂੰ 13-18, ਗੁਰਦਾਸਪੁਰ ਨੇ ਰੋਪੜ ਨੂੰ 21-15, ਅੰਮ੍ਰਿਤਸਰ ਨੇ ਮਲੇਰਕੋਟਲਾ ਨੂੰ 30-12 ਨਾਲ ਹਰਾਇਆ।

ਆਰਚਰੀ ਗੇਮ ਵਿੱਚ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਰੈਂਕ, ਸੰਗਰੂਰ ਨੇ ਦੂਜਾ ਰੈਂਕ ਅਤੇ ਮੋਗਾ ਨੇ ਤੀਜਾ ਰੈਂਕ ਪ੍ਰਾਪਤ ਕੀਤਾ।ਅੰਡਰ-14 ਲੜਕਿਆਂ ਵਿੱਚ ਫ਼ਾਜ਼ਿਲਕਾ ਨੇ ਪਹਿਲਾ ਰੈਂਕ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਰੈਂਕ ਅਤੇ ਸੰਗਰੂਰ ਨੇ ਤੀਜਾ ਰੈਂਕ ਪ੍ਰਾਪਤ ਕੀਤਾ। ਰਗਬੀ ਦੇ ਅੰਡਰ-14 ਲੜਕੀਆਂ ਵਿੱਚ ਸੰਗਰੂਰ ਨੇ ਪਹਿਲਾਂ ਸਥਾਨ, ਪਟਿਆਲਾ ਨੇ ਸਿਲਵਰ ਮੈਡਲ ਅਤੇ ਮਾਨਸਾ ਨੇ ਬਰਾਊਨਜ ਮੈਡਲ ਪ੍ਰਾਪਤ ਕੀਤਾ। ਸ਼ਾਮ ਦੇ ਸਮੇਂ ਡਾ. ਐਸ.ਪੀ ਆਨੰਦ ਆਈ.ਐੱਫ.ਐੱਸ ਸਪੈਸ਼ਲ ਸੈਕਟਰੀ ਖੇਡ ਵਿਭਾਗ ਵੱਲੋਂ ਵੀ ਅਚਨਚੇਤ ਚੈਕਿੰਗ ਕਰਕੇ ਖੇਡ ਪ੍ਰਬੰਧਾਂ ਦਾ ਜਾਇਜ਼ਾ ਕੀਤਾ ਗਿਆ ਅਤੇ ਖਿਡਾਰੀਆਂ ਦੇ ਖਾਣੇ ਅਤੇ ਰਿਹਾਇਸ਼ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਆਰਚਰੀ ਗੇਮ ਵਿੱਚ ਤੀਰ ਅੰਦਾਜੀ ਵੀ ਕੀਤੀ ਗਈ। ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਮਨਪ੍ਰੀਤ ਕੌਰ, ਸਮਿੰਦਰ ਕੌਰ, ਖੋਹ-ਖੋਹ ਗੇਮ ਦੇ ਪੰਜਾਬ ਐਸੋਸੀਏਸ਼ਨ ਦੇ ਸੈਕਟਰੀ ਉਪਕਾਰ ਸਿੰਘ ਵਿਰਕ ਮਨਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਡਾ. ਅਜੀਤਾ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਜੀ ਵੀ ਉੱਥੇ ਹਾਜ਼ਰ ਸਨ।

LEAVE A REPLY

Please enter your comment!
Please enter your name here