ਦਾਣਾ ਮੰਡੀ ਗੁਰਦਾਸਪੁਰ ਵਿੱਚ ਆੜ੍ਹਤੀਆਂ ਦੇ ਪ੍ਰਬੰਧਾਂ ਵਿੱਚ ਊਣਤਾਈਆਂ ਦਾ ਡਿਪਟੀ ਕਮਿਸ਼ਨਰ ਵੱਲੋਂ ਸਖ਼ਤ ਨੋਟਿਸ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੀਤੀ 14 ਅਕਤੂਬਰ ਦਿਨ ਸ਼ਨੀਵਾਰ ਨੂੰ ਬਾਰਸ਼ ਦੌਰਾਨ ਦਾਣਾ ਮੰਡੀ ਗੁਰਦਾਸਪੁਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਸੀ, ਜਿਸ ਦੌਰਾਨ ਕੁਝ ਆੜ੍ਹਤੀਆਂ ਵੱਲੋਂ ਕੀਤੇ ਪ੍ਰਬੰਧਾਂ ਵਿੱਚ ਊਣਤਾਈਆਂ ਪਾਈਆਂ ਗਈਆਂ ਸਨ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਢਿੱਲੇ ਪ੍ਰਬੰਧਾਂ ਲਈ ਜਿੰਮੇਵਾਰ ਆੜ੍ਹਤੀਆਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਇਨ੍ਹਾਂ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ ਮਾਰਕਿਟ ਕਮੇਟੀ ਗੁਰਦਾਸਪੁਰ ਵੱਲੋਂ ਦਾਣਾ ਮੰਡੀ ਗੁਰਦਾਸਪੁਰ ਦੇ ਇੱਕ ਆੜ੍ਹਤੀਏ ਦਾ ਲਾਇਸੰਸ ਸਸਪੈਂਡ ਕਰਨ ਦੇ ਨਾਲ 9 ਹੋਰ ਆੜ੍ਹਤੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ 111000 ਰੁਪਏ ਦਾ ਜ਼ੁਰਮਾਨਾ ਕੀਤਾ ਹੈ।

Advertisements

ਜ਼ਿਲ੍ਹਾ ਮੰਡੀ ਅਫ਼ਸਰ ਕੁਲਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਜਦੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਾਰਸ਼ ਦੌਰਾਨ ਗੁਰਦਾਸਪੁਰ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਸੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਆੜ੍ਹਤੀਆਂ ਵੱਲੋਂ ਤਰਪਾਲਾਂ ਆਦਿ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਝੋਨੇ ਦੀ ਫਸਲ ‘ਤੇ ਬਾਰਸ਼ ਦਾ ਪਾਣੀ ਪੈ ਰਿਹਾ ਸੀ। ਇਸ ਸਭ ਦਾ ਡਿਪਟੀ ਕਮਿਸ਼ਨਰ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਅਤੇ ਸਬੰਧਤ ਆੜ੍ਹਤੀਆਂ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ। ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਮਾਰਕਿਟ ਕਮੇਟੀ ਗੁਰਦਾਸਪੁਰ ਵੱਲੋਂ ਪ੍ਰਬੰਧਾਂ ਵਿੱਚ ਅਣਗਿਹਲੀ ਕਰਨ ਵਾਲੇ 1 ਆੜ੍ਹਤੀਏ ਦਾ ਲਾਇਸੰਸ ਸਸਪੈਂਡ ਕੀਤਾ ਗਿਆ ਹੈ ਜਦਕਿ 9 ਹੋਰ ਆੜ੍ਹਤੀਆਂ ਨੂੰ 111000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਵੱਲੋਂ ਆੜ੍ਹਤੀਆਂ ਕੋਲੋਂ ਜ਼ੁਰਮਾਨੇ ਦੀ ਇਹ ਸਾਰੀ ਰਾਸ਼ੀ ਵਸੂਲ ਲਈ ਗਈ ਹੈ।

ਜ਼ਿਲ੍ਹਾ ਮੰਡੀ ਅਫ਼ਸਰ ਕੁਲਜੀਤ ਸਿੰਘ ਨੇ ਕਿਹਾ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵੱਲੋਂ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਪ੍ਰਬੰਧ ਉਨ੍ਹਾਂ ਨੇ ਆਪਣੀ ਪੱਧਰ ‘ਤੇ ਕਰਨੇ ਹੁੰਦੇ ਹਨ ਉਹ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਕਿਸੇ ਆੜ੍ਹਤੀਏ ਵੱਲੋਂ ਪ੍ਰਬੰਧਾਂ ਵਿੱਚ ਜਾਂ ਖਰੀਦ ਵਿੱਚ ਕੋਈ ਕੁਤਾਹੀ ਵਰਤੀ ਗਈ ਤਾਂ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here