ਜੋਸ਼ ਉਤਸਵ ਦੌਰਾਨ ਢਾਡੀ ਜਥੇ ਨੇ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ਬਾਰੇ ਪ੍ਰਸੰਗ ਪੇਸ਼ ਕੀਤੇ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਜੋਸ਼ ਉਤਸਵ (ਜਸ਼ਨ-ਏ-ਬਹਾਦਰੀ) ਕੱਲ ਦੁਪਹਿਰ ਤੋਂ ਸ਼ੁਰੂ ਹੋ ਗਿਆ ਹੈ। ਤਿੰਨ ਰੋਜ਼ਾ ਇਸ ਜੋਸ਼ ਉਤਸਵ ਦੀ ਪਹਿਲੀ ਸ਼ਾਮ ਹੋਰ ਪੇਸ਼ਕਾਰੀਆਂ ਦੇ ਨਾਲ ਢਾਡੀ ਵਾਰਾਂ ਦਾ ਗਾਇਨ ਵੀ ਕੀਤਾ ਗਿਆ। ਉੱਘੇ ਢਾਡੀ ਭਾਈ ਗੁਰਤੇਜ ਸਿੰਘ ਦੇ ਢਾਡੀ ਜਥੇ ਨੇ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ਅਤੇ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਪ੍ਰਸੰਗ ਪੇਸ਼ ਕੀਤੇ। ਭਾਈ ਗੁਰਤੇਜ ਸਿੰਘ ਨੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਜਨਮ, ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਲ ਹੋਣ, ਵੱਖ-ਵੱਖ ਮੁਹਿੰਮਾਂ ਦੌਰਾਨ ਹਾਸਲ ਕੀਤੀਆਂ ਜਿੱਤਾਂ ਦਾ ਬਾਖੂਬੀ ਵਰਨਣ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਪੂਰੇ ਬੀਰ ਰਸ ਵਿੱਚ ਹਰੀ ਸਿੰਘ ਦੀ ਸ਼ਹਾਦਤ ਦਾ ਪ੍ਰਸੰਗ ਵੀ ਪੇਸ਼ ਕੀਤਾ। ਢਾਡੀ ਜਥੇ ਵੱਲੋਂ ਸਰਦਾਰ ਹਰੀ ਸਿੰਘ ਦੇ ਜੀਵਨ ਬਾਰੇ ਪੇਸ਼ ਕੀਤੇ ਗਏ ਸਾਰੇ ਪ੍ਰਸੰਗਾਂ ਨੂੰ ਬਹੁਤ ਪਸੰਦ ਕੀਤਾ ਗਿਆ।

Advertisements

ਜੋਸ਼ ਉਤਸਵ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਜਸਬੀਰ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਜੋਸ਼ ਉਤਸਵ ਰਾਹੀਂ ਉਨ੍ਹਾਂ ਨੂੰ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਦੇ ਬਾਰੇ ਬਹੁਤ ਕੁਝ ਜਾਨਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਰਾਹੀਂ ਅਸੀਂ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਹੋ ਰਹੇ ਹਾਂ। ਨੌਜਵਾਨਾਂ ਨੇ ਜੋਸ਼ ਉਤਸਵ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਨੂੰ ਵੀ ਸਰਾਹਿਆ ਹੈ।

LEAVE A REPLY

Please enter your comment!
Please enter your name here