ਝੋਨੇ ਦੀ ਕਟਾਈ ਤੋਂ ਬਾਅਦ ਸਿੱਧੀ ਕਣਕ ਦੀ ਬਿਜਾਈ ਸੁਪਰ ਸੀਡਰ ਮਸ਼ੀਨ ਨਾਲ ਕਰਨ ਕਿਸਾਨ: ਮੁੱਖ ਖੇਤੀਬਾੜੀ ਅਫ਼ਸਰ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਝੋਨੇ ਦੀ ਪਰਾਲੀ ਦੀ ਰਹਿੰਦ-ਖੂਹੰਦ ਨੂੰ ਜਲਾ ਕੇ ਖੇਤ ਸਾਫ ਕਰਨ ਦੀ ਰਿਵਾਇਤ ਕਾਫੀ ਵੱਧ ਗਈ ਹੈ ਜਿਸ ਦਾ ਮੁੱਖ ਕਾਰਨ ਇਸ ਨੂੰ ਹਟਾਉਣ ਉਤੇ ਆਉਣ ਵਾਲੀ ਲਾਗਤ ਹੈ। ਅਜਿਹਾ ਕਰਨ ਨਾਲ ਸਾਡੇ ਚੌਗਿਰਦੇ ਅਤੇ ਮਨੁੱਖੀ ਸਿਹਤ ਉਤੇ ਕਾਫੀ ਬੁਰੇ ਪ੍ਰਭਾਵ ਪਏ ਹਨ। ਅਜੌਕੇ ਸਮੇਂ ਦੀ ਲੋੜ ਹੈ ਕਿ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਅਜਿਹੇ ਹੱਲ ਲੱਭ ਕੇ ਦਿੱਤੇ ਜਾਣ ਜਿਸ ਨਾਲ ਪਰਾਲੀ ਜਲਾਉਣ ਦੀ ਸਮੱਸਿਆ ਦਾ ਸਹੀ ਨਿਪਟਾਰਾ ਹੋ ਸਕੇ ਅਤੇ ਨਾਲ ਹੀ ਮਿੱਟੀ ਦੀ ਸਿਹਤ ਅਤੇ ਵਾਤਾਵਰਣ ਦਾ ਸੁਧਾਰ ਕੀਤਾ ਜਾ ਸਕੇ।

Advertisements

ਪਿੰਡ ਕਲਾਰਾਂ ਬਲਾਕ ਮੋਰਿੰਡਾ ਵਿਖੇ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਕਈ ਸਾਲਾਂ ਦੀ ਜਾਂਚ ਤੋਂ ਬਾਅਦ ਅਨੇਕਾਂ ਸੁਧਾਰ ਕਰਕੇ ਸੁਪਰ ਸੀਡਰ ਨਾਂ ਦੀ ਮਸ਼ੀਨ ਵਿਕਸਿਤ ਕੀਤੀ ਗਈ ਜਿਸ ਨਾਲ ਝੋਨੇ ਦੀ ਕਟਾਈ (ਸੁਪਰ ਐਸ.ਐਮ.ਐਸ. ਲਗੀ ਕੰਬਾਈਨ) ਤੋਂ ਬਾਅਦ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਆਕਸਾਈਡ, ਮੀਥੇਨ ਅਤੇ ਆਰਗੈਨਿਕ ਕੰਪਾਊਂਡਸ ਆਦਿ ਨਿਕਲਦੇ ਹਨ ਜੋ ਨਾ ਸਿਰਫ ਵਾਤਾਵਰਣ ਨੂੰ ਖਰਾਬ ਕਰਦੇ ਹਨ ਬਲਕਿ ਮਨੁੱਖੀ ਸਿਹਤ ਉਤੇ ਵੀ ਹਾਨੀਕਾਰਕ ਪ੍ਰਭਾਵ ਪਾਉਂਦੇ ਹਨ। ਇਸ ਤੋਂ ਇਲਾਵਾ ਇਹ ਗੈਸਾਂ ਵਾਯੂਮੰਡਲ ਦੀ ਤਪਸ਼ ਵਿੱਚ ਵਾਧਾ ਕਰਕੇ ਮੌਸਮੀ ਬਦਲਾਅ ਦਾ ਕਾਰਨ ਬਣਦੀਆਂ ਹਨ।

ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ। ਫ਼ਸਲਾਂ ਲਈ ਲੋੜੀਂਦੇ ਖੁਰਾਕੀ ਤੱਤ ਜਿਵੇ ਨਾਈਟ੍ਰੋਜਨ, ਫਾਸਫੋਰਸ, ਗੰਧਕ, ਪੋਟਾਸ਼ ਆਦਿ ਨਸ਼ਟ ਹੋ ਜਾਂਦੇ ਹਨ। ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਅਤੇ ਭੂਮੀ ਵਿਚਲੇ ਲਾਭਦਾਇਕ ਸੂਖਮ ਜੀਵਾਂ ਤੇ ਮਾੜਾ ਅਸਰ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਕਈ ਵਾਰ ਖੇਤਾਂ ਵਿੱਚ ਸਾੜੀ ਗਈ ਪਰਾਲੀ ਸੜਕਾਂ ਤੇ ਭਿਆਨਕ ਹਾਦਸੇ ਹੋਣ ਦਾ ਵੀ ਕਾਰਨ ਬਣਦੀ ਹੈ। ਪਰਾਲੀ ਦੀ ਸੁਚੱਜੀ ਵਰਤੋਂ ਕਰਕੇ ਕਿਸਾਨਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕੇ। ਇਸ ਮੌਕੇ ਵਿਭਾਗ ਦੇ ਪਵਿੱਤਰ ਸਿੰਘ ਏ.ਐਸ.ਆਈ ਅਤੇ ਕਿਸਾਨ ਲਖਵੀਰ ਸਿੰਘ ਵਗੈਰਾ ਹਾਜ਼ਰ ਸਨ।

LEAVE A REPLY

Please enter your comment!
Please enter your name here