ਹੈਵੀ ਲਾਇਸੰਸ ਬਣਵਾਉਣ ਦੇ ਚਾਹਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਗੁਰਦਾਸਪੁਰ ਡਰਾਇਵਿੰਗ ਸਕਿਲ ਸੈਂਟਰ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਗੁਰਦਾਸਪੁਰ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਇਵਿੰਗ ਸਕਿਲ ਸੈਂਟਰ (ਜੀ.ਆਈ.ਏ.ਡੀ.ਐੱਸ.) ਹੈਵੀ ਡਿਊਟੀ ਲਾਇਸੰਸ ਬਣਵਾਉਣ ਦੇ ਚਾਹਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।

Advertisements

ਇਸ ਸੈਂਟਰ ਦੇ ਖੁੱਲਣ ਨਾਲ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮਿ੍ਰਤਸਰ ਅਤੇ ਤਰਨਤਾਰਨ ਦੇ ਹੈਵੀ ਡਿਊਟੀ ਲਾਇਸੰਸ ਬਣਵਾਉਣ ਦੇ ਚਾਹਵਾਨਾਂ ਨੂੰ ਫਾਇਦਾ ਹੋਇਆ ਹੈ ਅਤੇ 25 ਨਵੰਬਰ 2023 ਤੋਂ ਸ਼ੁਰੂ ਹੋਏ ਇਸ ਸੈਂਟਰ ਵਿੱਚ ਪਿਛਲੇ 12 ਦਿਨ੍ਹਾਂ ਦੌਰਾਨ 92 ਵਿਅਕਤੀਆਂ ਨੇ ਦੋ ਦਿਨਾਂ ਰਿਫਰੈਸ਼ਰ ਕੋਰਸ ਕਰਕੇ ਸਰਟੀਫਿਕੇਟ ਪ੍ਰਾਪਤ ਕੀਤੇ ਹਨ। ਇਹ ਸਰਟੀਫਿਕੇਟ ਉਨਾਂ ਦੇ ਹੈਵੀ ਡਿਊਟੀ ਲਾਇਸੰਸ ਬਣਨ ਵਿੱਚ ਸਹਾਈ ਹੋਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਦੋ ਦਿਨਾਂ ਰਿਫਰੈਸ਼ਰ ਕੋਰਸ ਕਰਨ ਲਈ ਹੁਸ਼ਿਆਰਪੁਰ ਜਾਂ ਮਾਹੁਆਣਾ (ਜ਼ਿਲਾ ਮੁਕਤਸਰ) ਵਿਖੇ ਜਾਣਾ ਪੈਂਦਾ ਸੀ। ਉਨਾਂ ਕਿਹਾ ਕਿ ਏਨੀ ਦੂਰ ਜਾਣ ਨਾਲ ਜਿਥੇ ਸਮਾਂ ਜਾਇਆ ਹੁੰਦਾ ਸੀ ਓਥੇ ਆਉਣ-ਜਾਣ ਤੇ ਰਹਿਣ ਦਾ ਖਰਚਾ ਵੀ ਕਰਨਾ ਪੈਂਦਾ ਸੀ। ਉਨਾਂ ਕਿਹਾ ਇਸ ਮੁਸ਼ਕਲ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਗੁਰਦਾਸਪੁਰ ਵਿਖੇ ਇਹ ਸੈਂਟਰ ਖੋਲਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਟਰੇਨਿੰਗ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਵੀ ਚਾਹਵਾਨ ਵਿਅਕਤੀ ਆਨ-ਲਾਈਨ ਇਸ ਸੈਂਟਰ ਦੀ ਵੈੱਬ ਸਾਈਟ www.giads.in ਰਾਹੀਂ ਅਪਲਾਈ ਕਰ ਸਕਦਾ ਹੈ ਅਤੇ ਇਸ ਟਰੇਨਿੰਗ ਦੀ ਕੁੱਲ ਫੀਸ ਕੇਵਲ 430 ਰੁਪਏ ਹੈ। ਉਨਾਂ ਕਿਹਾ ਕਿ ਅਪਲਾਈ ਕਰਨ ਸਮੇਂ ਵਿਅਕਤੀ ਆਪਣੀ ਪਾਸਪੋਰਟ ਸਾਈਜ਼ ਫੋਟੋ, ਅਧਾਰ ਕਾਰਡ ਅਤੇ ਡਰਾਇਵਿੰਗ ਲਾਇਸੰਸ ਇਸ ਸਾਈਟ ‘ਤੇ ਅਪਲੋਡ ਕਰਕੇ ਟਰੇਨਿੰਗ ਲਈ ਆਪਣੇ ਆਪ ਨੂੰ ਘਰ ਬੈਠੇ ਹੀ ਰਜਿਸਟਰਡ ਕਰ ਸਕਦਾ ਹੈ। ਉਨਾਂ ਕਿਹਾ ਕਿ ਹੈਵੀ ਡਿਊਟੀ ਲਾਇਸੰਸ ਬਣਵਾਉਣ ਦੇ ਚਾਹਵਾਨ ਇਥੇ ਟਰੈਫਿਕ ਨਿਯਮਾਂ, ਹੈਵੀ ਡਿਊਟੀ ਡਰਾਇਵਿੰਗ ਦੇ ਗੁਰ ਸਿੱਖਣਗੇ ਜਿਸ ਨਾਲ ਜਦੋਂ ਇਹ ਮਾਹਿਰ ਡਰਾਈਵਰ ਸੜਕਾਂ ਉੱਪਰ ਵਾਹਨ ਚਲਾਉਣਗੇ ਤਾਂ ਯਕੀਨਨ ਤੌਰ ‘ਤੇ ਸੜਕ ਦੁਰਘਟਨਾਵਾਂ ਵੀ ਘੱਟ ਹੋਣਗੀਆਂ। ਉਨਾਂ ਕਿਹਾ ਕਿ ਦੋ ਦਿਨਾਂ ਰਿਫਰੈਸ਼ਰ ਕੋਰਸ ਕਰਨ ਤੋਂ ਬਾਅਦ ਏਥੋਂ ਮਿਲਣ ਵਾਲੇ ਸਰਟੀਫਿਕੇਟ ਨੂੰ ਦਿਖਾ ਕੇ ਆਰ.ਟੀ.ਏ. ਦਫ਼ਤਰ ਵਿਚੋਂ ਹੈਵੀ ਡਿਊਟੀ ਲਾਇਸੰਸ ਬਣ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵਿਅਕਤੀ ਹੈਵੀ ਡਿਊਟੀ ਲਾਇਸੰਸ ਬਣਾਉਣਾ ਚਾਹੁੰਦੇ ਹਨ ਉਹ ਗੁਰਦਾਸਪੁਰ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਇਵਿੰਗ ਸਕਿਲ ਸੈਂਟਰ ਤੋਂ ਦੋ ਦਿਨਾਂ ਰਿਫਰੈਸ਼ਰ ਕੋਰਸ ਕਰ ਸਕਦੇ ਹਨ।

LEAVE A REPLY

Please enter your comment!
Please enter your name here