ਕਣਕ ਦੀ ਫ਼ਸਲ ਦੇ ਪੀਲੇਪਣ ਦਾ ਸਹੀ ਕਾਰਨ ਲੱਭ ਕੇ ਸਹੀ ਇਲਾਜ ਕਰਨਾ ਬਹੁਤ ਜ਼ਰੂਰੀ: ਡਾ. ਢਿਲੋਂ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਭਾਰੀ ਪਾਣੀ ਲੱਗਣ ਕਾਰਨ ਕਣਕ ਦੀ ਫਸਲ ਦੇ ਪੌਦਿਆਂ ਦੀ ਜੜ੍ਹ ਖੇਤਰ ਵਿਚਲੇ ਮਿੱਟੀ ਦੇ ਮੁਸਾਮ ਪਾਣੀ ਨਾਲ ਭਰ ਜਾਂਦੇ ਹਨ ਅਤੇ ਫ਼ਸਲ ਦੀਆਂ ਜੜ੍ਹਾਂ ਨੂੰ ਆਕਸੀਜਨ ਘੱਟ ਮਿਲਦੀ ਹੈ, ਨਤੀਜੇ ਵਜੋਂ ਫ਼ਸਲ ਦੇ ਮੁੱਢਲੇ ਵਾਧੇ ‘ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਫਸਲ ਪੀਲੀ ਪੈ ਜਾਂਦੀ ਹੈ, ਜਿਸ ਦਾ ਇਲਜ ਖੇਤੀ ਮਾਹਿਰਾਂ ਦੀ ਸਲਾਹ ਨਾਲ ਕਰਨ ਦੀ ਜ਼ਰੂਰਤ ਹੈ।

Advertisements

ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਕਿਹਾ ਕਿ ਵਧੇਰੇ ਸਿੱਲ ਜਾਂ ਭਾਰੀ ਜ਼ਮੀਨਾਂ ਵਾਲੇ ਇਲਾਕਿਆਂ ਵਿੱਚ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਭਾਰੀ ਲੱਗਣ ਕਾਰਨ ਕਣਕ ਦੀ ਫ਼ਸਲ  ਪੀਲੀ ਹੋ ਜਾਂਦੀ ਹੈ। ਜੋ ਸਮੇਂ ਨਾਲ ਠੀਕ ਹੋ ਜਾਂਦੀ ਹੈ ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨਾਂ ਕਿਹਾ ਕਿ ਕਣਕ ਦੀ ਫਸਲ ਦਾ ਇਹ ਪੀਲਾਪਣ ਜ਼ਮੀਨ ਵਿੱਚ ਹਵਾਖੋਰੀ ਦੀ ਕਮੀ ਕਾਰਨ ਹੋਵੇ ਤਾਂ ਵੱਤਰ ਆਉਣ ਤੇ 3 ਕਿਲੋ ਯੂਰੀਆ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਗੋਲ ਨੋਜ਼ਲ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ।

ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਕਿਹਾ ਕਿ ਜਿੰਨਾ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਕਰਕੇ ਸੁਪਰ ਸੀਡਰ/ਸਮਾਰਟ ਸੀਡਰ ਜਾਂ ਸਰਫੇਸ ਸੀਡਿੰਗ/ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਹੈ ਉਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਦੂਜੀ ਕਿਸ਼ਤ ਦਾ ਛੱਟਾ ਦੇਣ ਦੀ ਬਿਜਾਏ ਛਿੜਕਾਅ ਕਰ ਦੇਣਾ ਚਾਹੀਦਾ। ਉਨਾਂ ਕਿਹਾ ਕਿ ਇਸ ਮਕਸਦ ਲਈ ਕਣਕ ਦੀ ਬਿਜਾਈ ਤੋਂ ਬਾਅਦ 45-50ਵੇਂ ਦਿਨ 20 ਕਿਲੋ ਯੂਰੀਆ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੋਲ ਨੋਜ਼ਲ ਨਾਲ ਕਰ ਦੇਣਾ ਚਾਹੀਦਾ ਹੈ ਅਤੇ ਹਫਤੇ ਬਾਅਦ ਦੁਬਾਰਾ 20 ਕਿਲੋ ਯੂਰੀਆ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਯੂਰੀਆ ਖਾਦ ਦੀ ਵਰਤੋਂ ਕਰਨ ਸਮੇਂ ਕਿਸਾਨ ਮੌਕੇ ਤੇ ਜ਼ਰੂਰ ਮੌਜੂਦ ਹੋਣਾ ਚਾਹੀਦੇ ਹਨ, ਕਿਉਂਕਿ ਕਿਸਾਨ ਦੀ ਗੈਰਹਾਜ਼ਰੀ ਵਿੱਚ ਮਜ਼ਦੂਰ ਇਕਸਾਰ ਛੱਟਾ ਨਹੀਂ ਦਿੰਦੇ, ਨਤੀਜਤਨ ਫਸਲ ਦੇ ਵਾਧੇ ਵਿੱਚ ਠਹਿਰਾਅ ਆਉਣ ਕਾਰਨ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਹਲਕੀਆਂ ਜ਼ਮੀਨਾਂ ਵਿੱਚ ਪਹਿਲਾ ਪਾਣੀ ਲਾਉਣ ਤੋਂ ਬਾਅਦ ਜੇਕਰ ਕਣਕ ਪੀਲੀ ਹੋ ਜਾਂਦੀ ਹੈ ਤਾਂ ਮੈਂਗਨੀਜ਼ ਦੀ ਘਾਟ ਹੋ ਸਕਦੀ ਹੈ। ਉਨਾਂ ਕਿਹਾ ਕਿ ਜ਼ਮੀਨ ਵਿੱਚ ਮੈਂਗਨੀਜ਼ ਦੀ ਪੂਰਤੀ ਲਈ 200 ਲਿਟਰ ਪਾਣੀ ਵਿੱਚ ਇੱਕ ਕਿਲੋ ਮੈਂਗਨੀਜ਼ ਸਲਫੇਟ ਪ੍ਰਤੀ ਏਕੜ ਦਾ ਛਿੜਕਾੳ ਕਰ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਈ ਕਿਸਾਨ ਦੁਕਾਨਦਾਰਾਂ ਦੇ ਕਹੇ ਮੈਗਨੀਸ਼ੀਅਮ ਸਲਫੇਟ ਦੀ ਦਾ ਛਿੜਕਾਅ ਵੀ ਕਣਕ ਦੀ ਫਸਲ ਵਿੱਚ ਕਰ ਰਹੇ ਹਨ ਜੋ ਗਲਤ ਹੈ। ਉਨਾਂ ਕਿਹਾ ਕਿ ਕਿਸੇ ਦੇ ਕਹਿਣ ਤੇ ਛਿੜਕਾਅ ਕਰਨ ਦੀ ਬਿਜਾਏ ਕਿਸਾਨ ਆਪਣੇ ਹਲਕੇ ਨਾਲ ਸੰਬੰਧਤ ਖੇਤੀਬਾੜੀ ਵਿਕਾਸ ਅਫਸਰ/ਖੇਤੀਬਾੜੀ ਵਿਸਥਾਰ ਅਫਸਰ ਜਾਂ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨਾ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਇਲਾਜ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ, ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਛਿੜਕਾਅ ਸਾਫ ਮੌਸਮ ਵਿੱਚ ਅਤੇ ਇਕਸਾਰ ਕਰਨਾ ਚਾਹੀਦਾ ਹੈ।    

LEAVE A REPLY

Please enter your comment!
Please enter your name here