ਕਿਸਾਨਾਂ ਨੂੰ ਫਸਲਾਂ ਦੀ ਬਿਮਾਰੀ ਅਤੇ ਕੀੜਿਆਂ ਦੀ ਰੋਕਥਾਮ ਲਈ ਕੀਤਾ ਜਾਗਰੂਕ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਸੈਣੀ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ (ਸਮੇਤ ਘਰੋਟਾ ਅਤੇ ਸੁਜਾਨਪੁਰ) ਵਿੱਚ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਬਾਰੇ ਜਾਗਰੁਕ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਕਣਕ ਦੀਆਂ ਕੀੜਿਆਂ ਅਤੇ ਬਿਮਾਰੀਆਂ ਦੇ ਸੰਭਾਵਤ ਹਮਲੇ ਅਤੇ ਜ਼ਰੂਰਤ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰਨ ਬਾਰੇ ਜਾਗਰੁਕ ਕੀਤਾ ਗਿਆ। ਇਸ ਮੁਹਿੰਮ ਦੌਰਾਨ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,  ਸਰਵਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਸਿੰਘ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ), ਸਤਨਾਮ ਸਿੰਘ ਸਮੇਤ ਕਿਸਾਨ ਹਾਜ਼ਰ ਸਨ।

Advertisements

ਪਿੰਡ ਕਟਾਰੂਚੱਕ ਵਿੱਚ ਅਗਾਂਹਵਧੂ ਨੌਜਵਾਨ ਕਿਸਾਨ ਸਤਨਾਮ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨੂੰ ਪੀਲੀ ਕੁੰਗੀ ਅਤੇ ਚੇਪੇ ਦੇ ਹਮਲੇ ਬਾਰੇ ਜਾਗਰੁਕ ਕਰਦਿਆਂ ਡਾ. ਅਮਰੀਕ ਸਿੰਘ  ਨੇ ਕਿਹਾ ਕਿ ਮੋਸਮ ਦੀ ਤਬਦੀਲੀ ਨਾਲ ਕਣਕ ਦੀ ਫਸਲ ਅਤੇ ਹੋਰ ਹਾੜੀ ਦੀਆਂ ਫਸਲਾਂ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ, ਜਿਸ ਬਾਰੇ ਕਿਸਾਨਾਂ ਨੂੰ ਚੌਕੰਨੇ  ਰਹਿਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਕਣਕ ਦੀ ਫਸਲ ਉੱਪਰ ਫਿਲਹਾਲ ਕਿਸੇ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਨਹੀਂ ਹੋਇਆ ਫਿਰ ਵੀ ਕਿਸਾਨਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਦਿਨ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਦਕਿ ਰਾਤ ਦਾ ਤਾਪਮਾਨ ਘੱਟ ਹੈ, ਜੋ ਪੀਲੀ ਕੁੰਗੀ ਬਿਮਾਰੀ ਦੇ ਵਾਧੇ ਲਈ ਬਹੁਤ ਹੀ ਅਨਕੂਲ ਹੈ। ਉਹਨਾਂ ਕਿਹਾ ਕਿ ਅਗਲੇ 10-15 ਦਿਨ ਕਣਕ ਦੀ ਫਸਲ ਖਾਸ ਕਰਕੇ ਐਚ.ਡੀ 2967 ਕਿਸਮ ਲਈ ਬਹੁਤ ਅਹਿਮ ਹਨ।

ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫਸਲ ਖਾਸ ਕਰਕੇ ਐਚ.ਡੀ 2967 ਕਿਸਮ ਦਾ ਨਿਰੰਤਰ ਨਿਰੀਖਣ ਜਾਰੀ ਰੱਖਣ ਅਤੇ ਜਦ ਕਿਤੇ ਵੀ ਪੀਲੀ ਕੁੰਗੀ ਦੇ ਹਮਲੇ ਦਾ ਪਤਾ ਲੱਗੇ ਤਾਂ ਤੁਰੰਤ 200 ਮਿਲੀਲਿਟਰ ਪ੍ਰਪੀਕੋਨਾਜ਼ੋਲ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਘੋਲ ਕੇ ਪ੍ਰਭਾਵਤ ਹਿੱਸੇ ਉਪਰ ਅਤੇ ਆਲੇ ਦੁਆਲੇ ਛਿੜਕਾਅ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਬਲਾਕ ਪਠਾਨਕੋਟ ਦੇ ਸਮੁੱਚੇ ਸਟਾਫ ਵੱਲੋਂ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਦੀ ਸੰਭਾਵਿਤ ਹਮਲੇ ਨੂੰ ਰੋਕਣ ਲਈ ਪਿੰਡਾਂ ਵਿੱਚ ਨਿਰੰਤਰ ਦੌਰੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੁਕ ਕਰਕੇ ਬਿਮਾਰੀ ਦੇ ਹਮਲੇ ਨੂੰ ਸ਼ੁਰੂ ਵਿੱਚ ਹੀ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਜ਼ਿਲਾ ਪਠਾਨਕੋਟ ਨੀਮ ਪਹਾੜੀ ਇਲਾਕਾ ਹੋਣ ਕਾਰਨ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਬਿਮਾਰੀ ਦੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਹੈ,ਇਸ ਲਈ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੁਕ ਰਹਿਣਾ ਚਾਹੀਦਾ ਹੈ।

ਉਨਾਂ ਨੇ ਕਿਹਾ ਕਿ ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ, ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ,ਜੇਕਰ ਪ੍ਰਭਾਵਤ ਪੱਤਿਆਂ ਨੂੰ ਦੋ ਉੰਗਲਾਂ ਵਿੱਚ ਫੜਿਆ ਜਾਵੇ ਤਾਂ ਉਂਗਲਾਂ ਤੇ ਪੀਲਾ ਪਾਊਡਰ ਲੱਗ ਜਾਂਦਾ ਹੈ।ਉਨਾਂ ਕਿਹਾ ਕਿ ਚੇਪੇ ਦਾ ਇਸ ਵਕਤ ਕਣਕ ਦੀ ਫਸਲ ਉੱਪਰ ਕੋਈ ਪ੍ਰਭਾਵ ਨਹੀਂ ਹੈ ਇਸ ਲਈ ਚੇਪਾ ਨਾਮੀ ਕੀਟ ਤੋਂ ਡਰਨ ਦੀ ਜ਼ਰੂਰਤ ਨਹੀਂ ਅਤੇ ਨਾਂ ਹੀ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਹੈ ਕਿਉਂਕਿ ਚੇਪਾ ਇਸ ਵਕਤ ਕਣਕ ਦੀ ਫਸਲ ਦਾ ਨੁਕਸਾਨ ਕਰਨ ਦੀ ਹਾਲਤ ਵਿੱਚ ਨਹੀਂ ਹੈ। ਗੁਰਦਿੱਤ ਸਿੰਘ ਨੇ ਕਿਹਾ ਕਿ ਉੱਲੀਨਾਸ਼ਕ ਰਸਾਇਣਾਂ ਦਾ ਛਿੜਕਾਅ ਕਰਨ ਲਈ ਹਮੇਸ਼ਾਂ ਗੋਲ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਛਿੜਕਾਅ ਕਰਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ।  

LEAVE A REPLY

Please enter your comment!
Please enter your name here