ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ, ਅਮਨ-ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ’ਚ: ਅਰਪਿਤ ਸ਼ੁਕਲਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਦੇ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਪੰਜਾਬ ਅੰਦਰ ਅਮਨ-ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਸਮੇਂ-ਸਮੇਂ ਸਿਰ ਕਈ ਆਪ੍ਰੇਸ਼ਨ ਅਤੇ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਚੰਗੇ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਵਾਲਿਆਂ ਜਾਂ ਸਮਾਜ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਅਨਸਰਾਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ। 

Advertisements

ਇੱਥੇ ਕੇਂਦਰੀ ਜੇਲ ਵਿਖੇ ਜੁਡੀਸ਼ੀਅਲ ਅਧਿਕਾਰੀਆਂ, ਜਿਲਾ ਪੁਲਿਸ ਅਤੇ ਜੇਲ ਵਿਭਾਗ ਦੇ ਅਧਿਕਾਰੀਆਂ ਸਮੇਤ ਜੇਲ ਨਾਲ ਸਬੰਧਤ ਵੱਖ-ਵੱਖ ਪ੍ਰਕਿਰਿਆਵਾਂ ਦੀ ਸਮੀਖਿਆ ਦੀ ਮੀਟਿੰਗ ਕਰਨ ਪਹੁੰਚੇ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਕਿਹਾ ਕਿ ਡੀ.ਜੀ.ਪੀ. ਪੰਜਾਬ ਵਲੋਂ ਜੇਲਾਂ ਵਿਚ ਹੋਰ ਸੁਧਾਰ ਲਿਆਉਣ ਦੇ ਮਕਸਦ ਨਾਲ ਗਠਿਤ ਕੀਤੀ ਕਮੇਟੀ ਵੱਖ-ਵੱਖ ਜੇਲਾਂ ਵਿਚ ਜਾ ਕੇ ਮੌਜੂਦਾ ਸਿਸਟਮ ਨੂੰ ਘੋਖ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਲਾਂ ਅੰਦਰ ਸਮੁੱਚੀ ਪ੍ਰਕਿਰਿਆ ਦੀ ਤਕਨੀਕੀ ਪੱਖਾਂ ਤੋਂ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਸੁਧਾਰਵਾਦੀ ਸੁਝਾਵਾਂ ਵਾਲੀ ਰਿਪੋਰਟ ਜਲਦ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਮਾਣਯੋਗ ਹਾਈ ਕੋਰਟ ਨੂੰ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਜੇਲਾਂ ਵਿਚ ਅੰਡਰ-ਟਰਾਇਲ ਅਤੇ ਕੈਦੀਆਂ ਦੀਆਂ ਅਦਾਲਤਾਂ ਵਿਚ ਪੇਸ਼ੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਅਮਲ ਵਿਚ ਲਿਆਉਣ ਲਈ ਵੀ ਸੁਝਾਅ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨਾਲ ਸਬੰਧਤ ਜੁਡੀਸ਼ੀਅਲ ਪ੍ਰਕਿਰਿਆ ਅਤੇ ਟਰਾਇਲ ਨੂੰ ਹੋਰ ਤੇਜ ਕਰਕੇ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ। 

 ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਵੱਖ-ਵੱਖ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿਚ ਜੇਲ ਅੰਦਰ ਹੋਈ ਮੀਟਿੰਗ ਦੌਰਾਨ ਪੁਲਿਸ ਪ੍ਰਸ਼ਾਸਨ,ਅਦਾਲਤੀ ਪ੍ਰਕਿਰਿਆ ਅਤੇ ਜੇਲਾਂ ਵਿਚਲੇ ਪ੍ਰਬੰਧਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੇਲਾਂ ਵਿਚ ਹੋਰ ਸੁਧਾਰ ਲਿਆਉਣ ਅਤੇ ਕਮੀਆਂ ਨੂੰ ਦੂਰ ਕਰਨ ਲਈ ਵਿਸ਼ੇਸ਼ ਤੌਰ ’ਤੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਜੇਲਾਂ ਵਿਚ ਫੁਲ ਬਾਡੀ ਸਕੈਨਰ ਅਤੇ ਹੋਰ ਵਧੇਰੇ ਅਤਿ-ਆਧੁਨਿਕ ਮਸ਼ੀਨਰੀ ਸਥਾਪਿਤ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਕਮੀ-ਪੇਸ਼ੀ ਦੀ ਗੁੰਜਾਇਸ਼ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਜੇਲਾਂ ਵਿਚ ਮੋਬਾਈਲਾਂ ਦੀ ਪਹੁੰਚ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਦੀ ਗੱਲ ਕਰਦਿਆਂ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅਜਿਹੇ ਅਨਸਰਾਂ ਦੇ ਮੁਕੰਮਲ ਸਫਾਏ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਜੇਕਰ ਕੋਈ ਵੀ ਅਨਸਰ ਪੁਲਿਸ ਦੀ ਕਾਰਵਾਈ ਦੌਰਾਨ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਹਿਮਾਕਤ ਕਰੇਗਾ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਬੀਤੇ ਸਮੇਂ ’ਚ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਕੀਤੀ ਕਾਰਵਾਈ 9 ਅਨਸਰਾਂ ਦਾ ਐਨਕਾਊਂਟਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ 2023 ਵਿਚ ਹੋਈਆਂ ਵੱਡੀਆਂ ਵਾਰਦਾਤਾਂ ਨੂੰ ਸੁਚੱਜੇ ਢੰਗ ਨਾਲ ਸੁਲਝਾਇਆ ਜਾ ਚੁੱਕਾ ਹੈ।  ਇਸ ਮੌਕੇ ਅਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਰਾਣਾ ਕੰਵਰਦੀਪ ਕੌਰ ਚਾਹਲ, ਐਸ.ਐਸ.ਪੀ. ਵਤਸਲਾ ਗੁਪਤਾ, ਜੇਲ ਸੁਪਰਡੈਂਟ ਹੇਮੰਤ ਸ਼ਰਮਾ, ਐਸ.ਪੀ. (ਡੀ) ਰਮਨਿੰਦਰ ਸਿੰਘ ਦਿਓਲ, ਡੀ.ਐਸ.ਪੀ. (ਡੀ) ਗੁਰਮੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here