4 ਹਫਤੇ ਦੇ ਡੇਅਰੀ ਸਿਖਲਾਈ ਕੋਰਸ ਲਈ ਦਾਖਲਾ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਡੇਅਰੀ ਵਿਕਾਸ ਬੋਰਡ ਵਿਭਾਗ ਵਲੋਂ 4 ਹਫਤੇ ਡੇਅਰੀ ਸਿਖਲਾਈ ਕੋਰਸ 15 ਜਨਵਰੀ 2024 ਤੋਂ ਚਲਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ,ਪੰਜਾਬ ਕੁਲਦੀਪ ਸਿੰਘ ਜੱਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ 4 ਹਫਤੇ ਡੇਅਰੀ ਸਿਖਲਾਈ ਪ੍ਰੋਗਰਾਮ ਡੇਅਰੀ ਸਿਖਲਾਈ ਕੇਂਦਰ,ਫਗਵਾੜਾ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਡੇਅਰੀ ਫਾਰਮਰਜ਼ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ-ਵੱਖ ਵਿਸ਼ਾ ਮਾਹਿਰਾਂ ਵਲੋਂ ਪਸ਼ੂਆਂ ਦੀ ਸਾਂਭ-ਸੰਭਾਲ ਤੋਂ ਲੈ ਕੇ ਵੱਖ-ਵੱਖ ਬਿਮਾਰੀਆਂ, ਦੁੱਧ ਤੋਂ ਦੁੱਧ ਪਦਾਰਥ ਬਣਾਉਣ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ।ਇਸ ਸਿਖਲਾਈ ਦੌਰਾਨ ਮਾਡਲ ਕੈਟਲ ਸ਼ੈਡਾਂ ਦੀ ਉਸਾਰੀ ਦੁੱਧ ਚੁਆਈ ਮਸ਼ੀਨਾਂ ਅਤੇ ਡੇਅਰੀ ਦੇ ਧੰਦੇ ਦਾ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਸਬਸਿਡੀਆਂ ਬਾਰੇ ਵੀ ਵਿਸਥਾਰਪੂਕਵਕ ਜਾਣਕਾਰੀ ਦਿੱਤੀ ਜਾਵੇਗੀ।

Advertisements

ਉਨ੍ਹਾਂ ਹੋਰ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਂਣ ਵਾਲਾ ਸਿਖਿਆਰਥੀ ਪੇਂਡੂ ਖੇਤਰ ਨਾਲ ਸੰਬੰਧ ਰੱਖਦਾ ਹੋਵੇ,ਘੱਟ ਤੋਂ ਘੱਟ ਦਸਵੀਂ ਜਮਾਤ ਪਾਸ ਹੋਵੇ ਅਤੇ ਉਸ ਦੀ ਉਮਰ 18 ਤੋਂ 55 ਸਾਲ ਹੋਵੇ ਅਤੇ ਉਸ ਨੇ ਘੱਟੋ-ਘੱਟ 5 ਪਸ਼ੂ ਰੱਖੇ ਹੋਣੇ ਚਾਹੀਦੇ ਹਨ। ਇਸ ਸਿਖਲਾਈ ਕੋਰਸ ਦੀ ਫੀਸ 5000 ਰੁਪਏ ਜਨਰਲ ਸ਼੍ਰੇਣੀ ਲਈ ਅਤੇ 4000 ਰੁਪਏ ਅ:ਜਾਤੀ ਦੇ ਸਿਖਿਆਰਥੀਆਂ ਲਈ ਹੋਵੇਗੀ। ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਆਪਣੇ ਦਸਤਾਵੇਜ਼ ਜਿਵੇਂ ਕਿ ਪੜ੍ਹਾਈ ਦਾ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ, ਜਾਤੀ ਦਾ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ ਫੋਟੋਆਂ ਨਾਲ ਲੈ ਕੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਮਿੰਨੀ ਸਕੱਤਰੇਤ, ਚੌਥੀ ਮੰਜਲ, ਕਮਰਾ ਨੰਬਰ 439 ਵਿਖੇ ਦਫਤਰੀ ਕੰਮ ਕਾਜ ਦੇ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ।ਸਿਖਲਾਈ ਪ੍ਰਾਪਤ ਕਰਨ ਉਪਰੰਤ ਸਿਖਿਆਰਥੀ 2 ਤੋਂ 10 ਦੁਧਾਰੂ ਪਸ਼ੂਆਂ ਦਾ ਕਰਜ਼ਾ ਲੈ ਸਕਣਗੇ ਅਤੇ ਸਰਕਾਰ ਵਲੋ ਜਨਰਲ ਜਾਤੀ ਲਈ 25 ਫੀਸਦੀ ਅਤੇ ਅਨੁਸੂਚਿਤ ਜਾਤੀ ਲਈ 33 ਫੀਸਦੀ ਵਿੱਤੀ ਸਹਾਇਤਾ  ਦਿੱਤੀ ਜਾਵੇਗੀ।          

LEAVE A REPLY

Please enter your comment!
Please enter your name here