ਤੀਜਾ ਵਾਤਾਵਰਨ ਸੰਭਾਲ ਮੇਲਾ-2024 ਨਹਿਰੂ ਰੋਜ ਗਾਰਡਨ ਲੁਧਿਆਣਾ ਵਿਖੇ 3 ਤੇ 4 ਫਰਵਰੀ ਨੂੰ

ਫਾਜ਼ਿਲਕਾ (ਦ ਸਟੈਲਰ ਨਿਊਜ਼): ਤੀਜਾ ਵਾਤਾਵਰਨ ਸੰਭਾਲ ਮੇਲਾ-2024 ਨਹਿਰੂ ਰੋਜ ਗਾਰਡਨ ਲੁਧਿਆਣਾ ਵਿਖੇ ਬਾਬਾ ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ 3 ਤੇ 4 ਫਰਵਰੀ 2024 ਨੂੰ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਵਾਤਾਵਰਨ ਸੰਭਾਲ ਸਬੰਧੀ 100 ਤੋਂ ਵਧੇਰੇ ਸਟਾਲਾਂ ਲਗਾਈਆਂ ਜਾਣਗੀਆਂ, ਜਿਹਨਾਂ ਵਿੱਚ ਦੇਸੀ ਪ੍ਰਜਾਤੀ ਵਾਲੇ ਵੱਧ ਤੋਂ ਵੱਧ ਦਰੱਖਤਾਂ ਸਬੰਧੀ, ਪਾਣੀ ਦੀ ਸੰਭਾਲ ਸਬੰਧੀ, ਮਿੱਟੀ ਦੀ ਸੰਭਾਲ ਸਬੰਧੀ, ਜੈਵਿਕ ਰਸੋਈ ਬਾਗਬਾਨੀ ਸਬੰਧੀ, ਪਾਣੀ ਪ੍ਰਬੰਧਨ ਤੇ ਕੰਪੋਸਟਿੰਗ ਸਬੰਧੀ, ਹਵਾ ਪ੍ਰਦੂਸ਼ਣ ਵਿੱਚ ਕਮੀ, ਆਵਾਜ ਪ੍ਰਦੂਸ਼ਣ, ਊਰਜਾ ਦੀ ਬੱਚਤ, ਸੋਲਰ ਐਨਰਜੀ, ਬਾਜਰੇ ਤੇ ਵਿਸ਼ੇਸ਼ ਜ਼ੋਰ ਨਾਲ ਸਿਹਤਮੰਦ ਭੋਜਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

Advertisements

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ‘ਸੋਚ’ (ਵਾਤਾਵਰਨ ਦੇ ਇਲਾਜ ਤੇ ਸੰਭਾਲ ਵਾਲੀ ਸੋਸਾਇਟੀ) ਇੱਕ ਨਨ-ਪ੍ਰੋਫਿਟ ਸੰਸਥਾ ਹੈ ਜਿਹੜੀ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਲੋਕਾਂ ਨੂੰ ਫਿਰ ਤੋਂ ਕੁਦਰਤ ਨਾਲ ਜੋੜਨ ਲਈ ਕੰਮ ਕਰ ਰਹੀ ਹੈ। ਇਹ ਸੰਸਥਾ ਪਿਛਲੇ ਦੋ ਸਾਲਾਂ ਤੋਂ ਵਾਤਾਵਰਨ ਸੰਭਾਲ ਮੇਲੇ ਆਯੋਜਿਤ ਕਰਵਾ ਰਹੀ ਹੈ ਜਿਸ ਰਾਹੀਂ ਲੋਕਾਂ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਚੇਤਨਤਾ ਪੈਦਾ ਕੀਤੀ ਜਾ ਰਹੀ ਹੈ।

ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਇਸ ਵਾਤਾਵਰਨ ਸੰਭਾਲ ਮੇਲੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਗ੍ਰਾਮ ਪੰਚਾਇਤਾਂ, ਐਨ.ਜੀ.ਓਜ਼, ਵਿਅਕਤੀਗਤ ਲੋਕਾਂ, ਵਿਦਿਆਰਥੀਆਂ ਆਦਿ ਨੂੰ 10 ਐਵਾਰਡਾਂ ਨਾਲ ਸਨਮਾਨਿਆ ਜਾਵੇਗਾ। ਐਵਾਰਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਕ ਲੱਖ ਦੀ ਇਨਾਮੀ ਰਾਸ਼ੀ ਵਾਲਾ ਪਹਿਲਾ ਐਵਾਰਡ ‘ਪੁਰਾਤਨ ਝਿੜੀ ਐਵਾਰਡ’ ਪੰਜਾਬ ਦੀ ਉਸ ਪੰਚਾਇਤ ਜਾਂ ਸੰਸਥਾ ਨੂੰ ਦਿੱਤਾ ਜਾਵੇਗਾ ਜਿਸ ਨੇ ਆਪਣੇ ਪਿੰਡ ਵਿੱਚ ਘੱਟੋ ਘੱਟ 100 ਸਾਲ ਤੋਂ ਪੁਰਾਤਨ ਝਿੜੀ ਨੂੰ ਕੁਦਰਤੀ ਰੂਪ ਵਿੱਚ ਸੰਭਾਲਿਆ ਹੋਵੇ। 75 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਦੂਸਰਾ ‘ਜਿੱਥੇ ਸਫ਼ਾਈ ਉੱਥੇ ਖੁਦਾਈ’ ਐਵਾਰਡ ਪੰਜਾਬ ਦੀ ਉਸ ਗ੍ਰਾਮ ਪੰਚਾਇਤ/ਸੰਸਥਾ ਨੂੰ ਦਿੱਤਾ ਜਾਵੇਗਾ ਜਿਸ ਨੇ ਆਪਣੇ ਪਿੰਡ ਨੂੰ ਕੁਦਰਤ ਦੇ ਨੇੜੇ ਰੱਖਦਿਆਂ ਗਲੀਆਂ-ਨਾਲੀਆਂ, ਛੱਪੜਾਂ, ਜਨਤਕ ਥਾਵਾਂ ਆਦਿ ਨੂੰ ਸਾਫ਼ ਸੁਥਰਾ ਰੱਖਿਆ ਹੋਵੇ। 50 ਹਜ਼ਾਰ ਦੀ ਇਨਾਮੀ ਰਾਸ਼ੀ ਵਾਲਾ ਤੀਸਰਾ ਐਵਾਰਡ ਪੰਜਾਬ ਵਿੱਚ ਅਮਲੀ ਰੂਪ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਦੇਖਭਾਲ, ਬਚਾਅ ਆਦਿ ਵਿੱਚ ਅਹਿਮ ਯੋਗਦਾਨ ਪਾ ਰਹੇ ਮਿਹਨਤੀ ਵਿਅਕਤੀ/ਵਿਅਕਤੀਆਂ ਨੂੰ ਦਿੱਤਾ ਜਾਵੇਗਾ।

ਚੌਥਾ ਐਵਾਰਡ 50 ਹਜ਼ਾਰ ਰੁਪਏ ਦੀ ਰਾਸ਼ੀ ਵਾਲਾ ‘ਜੈਵਿਕ ਖੇਤੀ ਐਵਾਰਡ’ ਹੋਵੇਗਾ, ਇਹ ਐਵਾਰਡ ਪੰਜਾਬ ਦੇ ਕੁਦਰਤੀ ਪੱਖੀ ਸੋਚ ਰੱਖਣ ਵਾਲੇ ਉਸ ਕਿਸਾਨ ਨੂੰ ਦਿੱਤਾ ਜਾਵੇਗਾ, ਜੋ ਧਰਤ ਨੂੰ ਮਾਂ ਰੂਪ ਸਮਝਦਿਆਂ ਹੋਇਆਂ, ਨਾ ਤਾਂ ਜ਼ਮੀਨ ਵਿੱਚ ਨਾੜ ਨੂੰ ਅੱਗ ਲਾ ਰਿਹਾ ਹੋਵੇਗਾ ਤੇ ਨਾ ਹੀ ਰਸਾਇਣਿਕ ਖੇਤੀ ਢੰਗਾਂ ਨੂੰ ਵਰਤ ਰਿਹਾ ਹੋਵੇਗਾ। ਕਣਕ ਝੋਨੇ ਦੇ ਫ਼ਸਲੀ ਚੱਕਰ ਦੀ ਬਿਜਾਏ ਬਹੁਭਾਂਤੀ ਭਾਵ ਅਲੱਗ ਅਲੱਗ ਫ਼ਸਲਾਂ ਦੀ ਖੇਤੀ ਕਰਦਾ ਹੋਵੇਗਾ। ਜੈਵਿਕ ਵਸੀਲਿਆਂ ਨਾਲ ਜੈਵਿਕ ਕਾਰਬਨ ਭਰਪੂਰ ਜ਼ਮੀਨ ਵਾਲਾ ਕਿਸਾਨ ਇਸ ਐਵਾਰਡ ਦਾ ਹੱਕਦਾਰ ਹੋਵੇਗਾ। 25 ਹਜ਼ਾਰ ਰੁਪਏ ਇਨਾਮੀ ਰਾਸ਼ੀ ਵਾਲਾ ਪੰਜਵਾਂ ਐਵਾਰਡ ‘ਛੱਤ ਤੇ ਬਗੀਚੀ ਐਵਾਰਡ’ ਪੰਜਾਬ ਦੇ ਉਸ ਕੁਦਰਤ ਪ੍ਰੇਮੀ ਨੂੰ ਦਿੱਤਾ ਜਾਵੇਗਾ, ਜੋ ਜੈਵਿਕ ਵਸੀਲਿਆਂ ਨਾਲ ਛੱਤ ਤੇ ਘਰੇਲੂ ਬਗੀਚੀ ਬਣਾ ਕੇ ਸਬਜੀਆਂ, ਫਲਾਂ ਤੇ ਫੁੱਲਾਂ ਆਦਿ ਦੀ ਪ੍ਰਾਪਤ ਕਰ ਰਿਹਾ ਹੋਵੇ।

25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਛੇਵਾਂ ‘ਗਰੀਨ ਕੈਂਪਸ ਐਵਾਰਡ’ ਪੰਜਾਬ ਦੇ ਕਿਸੇ ਵੀ ਕੁਦਰਤੀ ਪੱਖੀ ਸੋਚ ਰੱਖਣ ਵਾਲੇ ਉਸ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਹਰਿਆਵਲ ਅਤੇ ਵਾਤਾਵਰਨ ਸੰਭਾਲ ਨੂੰ ਤਰਜੀਹ ਦਿੰਦੇ ਹੋਏ ਕੈਂਪਸ ਨੂੰ ਸਾਫ਼ ਸੁਥਰਾ ਤੇ ਕੁਦਰਤ ਪੱਖੀ ਬਣਾਇਆ ਗਿਆ ਹੋਵੇਗਾ। ਸੱਤਵਾਂ ਐਵਾਰਡ ‘ਬਹੁਭਾਂਤੀ ਖੇਤੀ ਮਾਡਲ ਐਵਾਰਡ’ ਹੋਵੇਗਾ ਇਹ ਐਵਾਰਡ ਪੰਜਾਬ ਦੇ ਕਿਸੇ ਵੀ ਖੇਤੀਬਾੜੀ ਕਾਲਜ ਦੇ ਉਨ੍ਹਾਂ ਕੁਦਰਤੀ ਪੱਖੀ ਸੋਚ ਰੱਖਣ ਵਾਲੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਬਹੁਭਾਂਤੀ ਖੇਤੀ ਦੇ ਮਾਡਲ ਨੂੰ ਦਿੱਤਾ ਜਾਵੇਗਾ, ਜੋ ਵਾਤਾਵਰਨ ਸੰਭਾਲ ਹਿੱਤ ਮਾਡਲ ਪ੍ਰਦਰਸ਼ਿਤ ਕਰਨਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 94637-74370 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਅੱਠਵਾਂ ਐਵਾਰਡ ‘ਵਾਤਾਵਰਨ ਸੰਭਾਲ ਤੇ ਮਾਡਲ ਐਵਾਰਡ’ ਹੋਵੇਗਾ, ਇਹ ਐਵਾਰਡ ਕੁਦਰਤੀ ਪੱਖੀ ਸੋਚ ਰੱਖਣ ਵਾਲੇ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਜੋ ਵਾਤਾਵਰਨ ਸੰਭਾਲ ਹਿੱਤ ਮਾਡਲ ਪ੍ਰਦਰਸ਼ਿਤ ਕਰਨਗੇ। ਪ੍ਰਤੀਯੋਗਤਾ ਅਪਲਾਈ ਕਰਨ ਦੀ ਆਖਰੀ ਮਿਤੀ 25 ਜਨਵਰੀ, 2024 ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 95018-00708 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਨੌਵਾਂ ਐਵਾਰਡ ‘ਵਾਤਾਵਰਨ ਸਬੰਧੀ ਲਘੂ ਫ਼ਿਲਮ ਐਵਾਰਡ’ ਹੋਵੇਗਾ ਇਹ ਐਵਾਰਡ ਪੰਜਾਬ ਦੇ ਵਾਤਾਵਰਨ ਨਾਲ ਸਬੰਧਤ ਵਿਸ਼ੇ ਤੇ ਬਣਾਈ ਗਈ ਲਘੂ ਫ਼ਿਲਮ (ਵੱਧ ਤੋਂ ਵੱਧ ਤਿੰਨ ਮਿੰਟ) ਨੂੰ ਦਿੱਤਾ ਜਾਵੇਗਾ। ਇਹ ਐਵਾਰਡ ਸਬੰਧੀ ਅਪਲਾਈ ਕਰਨ ਦੀ ਆਖਰੀ ਮਿਤੀ 8 ਜਨਵਰੀ 2024 ਹੈ।
ਦਸਵਾਂ ਐਵਾਰਡ ਵਾਤਾਵਰਨ ਸੰਭਾਲ ਉੱਪਰ ਫੋਟੋਗ੍ਰਾਫੀ ਨਾਲ ਸਬੰਧਤ ਹੋਵੇਗਾ ਤੇ ਇਹ ਪੰਜਾਬ ਦੇ ਗੈਰ ਪੇਸ਼ੇਵਰ ਫੋਟੋਗ੍ਰਾਫਰ ਵੱਲੋਂ ਖਿੱਚੀ ਗਈ ਤਸਵੀਰ ਨੂੰ ਦਿੱਤਾ ਜਾਵੇਗਾ।

ਫੋਟੋਗ੍ਰਾਫਰ ਵੱਲੋਂ ਤਸਵੀਰ ਰਿਹਾਇਸ਼ੀ ਖੇਤਰ ਵਿੱਚ ਦਿਖਣ ਵਾਲੀ ਕੁਦਰਤ ਜਾਂ ਜੀਵ ਜੰਤੂਆਂ ਨਾਲ ਸਬੰਧਤ ਹੋਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਐਵਾਰਡਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ, ਅਪਲਾਈ ਕਰਨ ਵਾਲੇ ਪ੍ਰੋਫਾਰਮੇ ਜਾਂ ਹੋਰ ਵਧੇਰੇ ਜਾਣਕਾਰੀ ਲਈ www.sochngo.org ਉੱਪਰ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਮੋਬਾਇਲ ਨੰਬਰ 82839-33002 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿੱਚ ਵਧ-ਚੜ੍ਹ ਕੇ ਸ਼ਾਮਿਲ ਹੋਣ ਅਤੇ ਐਵਾਰਡਾਂ ਲਈ ਜ਼ਰੂਰ ਅਪਲਾਈ ਕਰਨ।

LEAVE A REPLY

Please enter your comment!
Please enter your name here