Friday, October 23, 2026
Home Punjab ਪੰਜਾਬ ਸਰਕਾਰ ਵੱਲੋਂ ਮਕੌੜਾ ਪੱਤਣ ਤੋਂ ਪਾਰ ਦੇ ਲੋਕਾਂ ਨੂੰ ਮਿਲੇਗਾ ਵੱਡਾ...

ਪੰਜਾਬ ਸਰਕਾਰ ਵੱਲੋਂ ਮਕੌੜਾ ਪੱਤਣ ਤੋਂ ਪਾਰ ਦੇ ਲੋਕਾਂ ਨੂੰ ਮਿਲੇਗਾ ਵੱਡਾ ਤੋਹਫ਼ਾ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆ ਰਾਵੀ ਦੇ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਨੂੰ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮਕੌੜਾ ਪੱਤਣ ਵਿਖੇ ਰਾਵੀ ਦਰਿਆ ਉੱਪਰ ਬਣਾਏ ਜਾਣ ਵਾਲੇ ਪੁਲ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਪੁਲ ਦੀ ਉਸਾਰੀ ਨੂੰ ਲੈ ਕੇ ਜ਼ਮੀਨ ਐਕਵਾਇਰ ਅਤੇ ਹੋਰ ਜ਼ਰੂਰੀ ਕਾਰਵਾਈਆਂ ਅਰੰਭ ਹੋ ਜਾਣਗੀਆਂ।

Advertisements

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੀਤੀ ਸ਼ਾਮ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮਕੌੜਾ ਪੱਤਣ ਦਾ ਦੌਰਾ ਕਰਕੇ ਇਸ ਪੁਲ ਦੇ ਨਿਰਮਾਣ ਸਬੰਧੀ ਥਾਂ ਦਾ ਜਾਇਜ਼ਾ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਕੌੜਾ ਪੱਤਣ ਉੱਪਰ ਪੁਲ ਦੀ ਉਸਾਰੀ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੋਟੀਫ਼ਿਕੇਸ਼ਨ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਐੱਸ.ਡੀ.ਐੱਮ. ਦੀਨਾਨਗਰ ਵੱਲੋਂ ਇਸ ਸਬੰਧੀ 60 ਦਿਨਾਂ ਦੇ ਅੰਦਰ-ਅੰਦਰ ਲੋਕਾਂ ਦੇ ਇਤਰਾਜ਼਼ ਮੰਗੇ ਜਾਣਗੇ। ਜੇਕਰ ਇਸ ਅਰਸੇ ਦੌਰਾਨ ਕੋਈ ਇਤਰਾਜ਼ ਆਉਂਦਾ ਹੈ ਤਾਂ ਉਸਨੂੰ 20 ਦਿਨਾਂ ਵਿੱਚ ਦੂਰ ਕਰਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸਦੇ ਨਾਲ ਹੀ ਪੁਲ ਦੇ ਨਿਰਮਾਣ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਰੇਟ ਤਹਿ ਕਰਕੇ ਜ਼ਮੀਨ ਮਾਲਕਾਂ ਨੂੰ ਯੋਗ ਮੁਆਵਜ਼ਾ ਦੇ ਕੇ ਜ਼ਮੀਨ ਐਕਵਾਇਰ ਕਰ ਲਈ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਪੁਲ ਦੇ ਨਿਰਮਾਣ ਸਬੰਧੀ ਡਿਟੇਲਡ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕਰ ਲਈ ਗਈ ਹੈ ਅਤੇ ਉਪਰੋਕਤ ਕਾਰਵਾਈਆਂ ਪੂਰੀਆਂ ਹੋਣ ਦੇ ਤੁਰੰਤ ਬਾਅਦ ਪੁਲ ਦਾ ਟੈਂਡਰ ਲਗਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਕਾਰਵਾਈਆਂ ਨੂੰ ਤਿੰਨ ਮਹੀਨੇ ਅੰਦਰ ਪੂਰਾ ਕਰ ਲਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਕੋਸ਼ਿਸ਼ਾਂ ਸਦਕਾ ਮਕੌੜਾ ਪੱਤਣ ਤੋਂ ਪਾਰ ਦੇ ਸਰਹੱਦੀ ਪਿੰਡਾਂ ਨੂੰ ਰਾਵੀ ਦਰਿਆ ਉੱਪਰ ਪੁਲ ਦੀ ਵੱਡੀ ਸਹੂਲਤ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਦੇਰੀ ਸਾਰੀਆਂ ਜ਼ਰੂਰੀ ਕਾਰਵਾਈਆਂ ਮੁਕੰਮਲ ਕਰਨ ਤੋਂ ਬਾਅਦ ਟੈਂਡਰ ਪ੍ਰੀਕ੍ਰਿਆ ਪੂਰੀ ਕਰਕੇ ਪੁਲ ਦੇ ਨਿਰਮਾਣ ਨੂੰ ਜਲਦ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਮਕੌੜਾ ਪੱਤਣ ਦੇ ਲੋਕਾਂ ਨੂੰ ਵਧਾਈ ਦੇਣ ਦੇ ਨਾਲ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।

LEAVE A REPLY

Please enter your comment!
Please enter your name here