ਬਾਉਲੀਆਂ ਭਾਈ ਘਨੱਈਆ ਜੀ ਸੇਵਾ ਅਸਥਾਨ ਨੂੰ ਹੋਰ ਵਿਕਸਤ ਕਰਨ ਦੀ ਮੰਗ: ਪ੍ਰੋ. ਬਹਾਦਰ ਸੁਨੇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਬਸਾਂਝੀਵਾਲਤਾ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ, ਸਰਬੱਤ ਦੇ ਭਲੇ ਅਤੇ ਨਿਰਪੱਖ ਅਤੇ ਬਿਨਾਂ ਕਿਸੇ ਵਿਤਕਰੇ ਲੋੜਵੰਦਾਂ ਦੀ ਸੇਵਾ ਦੇ ਜਿਸ ਸਿਧਾਂਤ ਤੇ ਚਲਦਿਆਂ ਭਾਈ ਘਨੱਈਆ ਜੀ ਨੇ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ ਸੇਵਾ ਕੀਤੀ ਉਹ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਮੋਹੀਵਾਲ ਵਿਖੇ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨਾਲ ਸਬੰਧਤ ਗੁਰਦੁਆਰਾ ਬਾਉਲੀਆਂ ਭਾਈ ਘਨੱਈਆ ਜੀ ਸਥਿੱਤ ਹੈ ਜਿਥੋਂ ਆਪਣੀ ਮਸ਼ਕ ਰਾਹੀਂ ਜਲ ਲਿਆ ਕੇ ਬਿਨਾਂ ਕਿਸੇ ਭੇਦ ਭਾਵ ਦੇ ਮੈਦਾਨੇ ਜੰਗ ਵਿੱਚ ਜ਼ਖ਼ਮਾਂ ਨਾਲ ਤੜਫਦੇ ਹੋਏ ਯੋਧਿਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ। ਇਸੇ ਅਸਥਾਨ ਤੇ ਪ੍ਰਬੰਧਕਾਂ ਵੱਲੋਂ ਕੁਦਰਤੀ ਰੂਪ ਵਿੱਚ ਆਉਂਦੇ ਪਾਣੀ ਦੀਆਂ ਬਾਉਲੀਆਂ, ਮਸ਼ਕ ਅਤੇ ਪਾਣੀ ਭਰਨ ਵਾਲਾ ਡੋਲੂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਭਾਈ ਘਨੱਈਆ ਜੀ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਹਰਜੀਤ ਸਿੰਘ ਨੰਗਲ, ਬਾਬਾ ਓਂਕਾਰ ਸਿੰਘ ਖਾਲਸਾ ਅਤੇ ਜਸਪਾਲ ਸਿੰਘ ਚੱਕ ਗੁਜਰਾਂ ਇਸ ਅਸਥਾਨ ਦੇ ਦਰਸ਼ਨਾਂ ਲਈ ਗਏ ਅਤੇ ਇਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਅਸਥਾਨ ਦੀ ਮਹੱਤਤਾ ਨੂੰ ਵੇਖਦਿਆਂ ਹੋਇਆਂ ਸੱਭਿਆਚਾਰਕ ਵਿਭਾਗ ਪੰਜਾਬ ਵੱਲੋਂ ਹੋਰ ਵਿਕਸਤ ਕੀਤਾ ਜਾਵੇ ਅਤੇ ਤਾਂ ਕਿ ਸਮਾਜ ਸੇਵੀ ਸੰਸਥਾਵਾਂ, ਮਾਨਵਤਾ ਦੀ ਸੇਵਾ ਅਤੇ ਸਰਬਸਾਂਝੀਵਾਲਤਾ ਦੇ ਸੰਕਲਪ ਦੇ ਖੋਜ ਕਾਰਜਾਂ ਵਿੱਚ ਲੱਗੇ ਵਿਅਕਤੀਆਂ ਅਤੇ ਵਿਦਿਆਰਥੀ ਵਰਗ ਇਸ ਮਹਾਨ ਸੇਵਾ ਅਸਥਾਨ ਤੋਂ ਆਪਣੇ ਜੀਵਨ ਲਈ ਸੇਧ ਲੈਣ ਉਪਰੰਤ ਸੰਸਾਰ ਵਿੱਚ ਇਨਸਾਨੀਅਤ, ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ, ਸਰਬਸਾਂਝੀਵਾਲਤਾ ਅਤੇ ਵਿਸ਼ਵ ਸ਼ਾਂਤੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਅੱਗੇ ਆ ਸਕਣ।

Advertisements

ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਸਬੰਧੀ ਖੋਜ ਕਾਰਜਾਂ ਨਾਲ ਲੰਮੇ ਸਮੇਂ ਤੋਂ ਜੁੜੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈਣ ਉਪਰੰਤ ਭਾਈ ਘਨੱਈਆ ਜੀ ਵੱਲੋਂ ਮੈਦਾਨ ਜੰਗ ਤੜਫਦੇ ਜ਼ਖ਼ਮੀ ਯੋਧਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਪਾਣੀ ਪਿਲਾਉਣ ਅਤੇ ਉਨ੍ਹਾਂ ਦੇ ਜ਼ਖ਼ਮਾਂ ਤੇ ਮੱਲ੍ਹਮ ਪੱਟੀ ਕਰਕੇ ਉਨ੍ਹਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਪ੍ਰਦਾਨ ਦੀ ਸੇਵਾ ਨੂੰ ਵਿਸ਼ਵ ਭਰ ਵਿੱਚ ਸਰਾਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਦਾ ਜਨਮ ਵੀ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਨ ਕਰਨ ਤੋਂ ਹੋਇਆ। ਅੰਤਰਰਾਸ਼ਟਰੀ ਮਾਨਵਤਾ ਕਨੂੰਨ ਵਿਚ ਵੀ ਮੈਦਾਨੇ ਵਿਚ ਜ਼ਖਮੀਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਵਿਤਕਰਾ ਰਹਿਤ ਸੇਵਾ ਸਬੰਧੀ ਹਦਾਇਤਾਂ ਦਰਜ ਹਨ ਅਤੇ ਇਸ ਕਨੂੰਨ ਦਾ ਮੂਲ ਆਧਾਰ ਹੈ। ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਸਦਕੇ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਸਤਿਕਾਰ ਦਿੰਦੇ ਹੋਏ ਆਪਣੀ ਪ੍ਰਮਾਣਿਤ ਵੈੱਬਸਾਈਟ ਤੇ ਪਬਲਿਸ਼ ਕਰ ਦਿੱਤਾ ਹੈ ਤਾਂ ਕਿ ਗੁਰੂ ਸਾਹਿਬਾਨ ਤੋਂ ਅਸ਼ੀਰਵਾਦ ਲੈਣ ਉਪਰੰਤ ਭਾਈ ਘਨੱਈਆ ਜੀ ਵੱਲੋਂ ਕੀਤੀਆਂ ਮਹਾਨ ਸੇਵਾਵਾਂ ਨੂੰ ਵਿਸ਼ਵ ਭਰ ਦੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਲਇਆ ਗਿਆ ਇਹ ਫੈਸਲਾ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਲਈ ਮਾਣ ਵਾਲੀ ਗੱਲ ਹੈ ।

LEAVE A REPLY

Please enter your comment!
Please enter your name here