ਪੁਲਿਸ ਨੇ 5 ਵਿਅਕਤੀਆਂ ਨੂੰ 20 ਕਿਲੋ ਅਫੀਮ ਅਤੇ 84.20 ਲੱਖ ਦੀ ਜਾਅਲੀ ਕਰੰਸੀ ਸਮੇਤ ਕੀਤਾ ਕਾਬੂ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਮਾਲੇਰਕੋਟਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ 2 ਵਿਅਕਤੀਆਂ ਨੂੰ 20 ਕਿਲੋ ਅਫੀਮ ਅਤੇ ਤਿੰਨ ਵਿਅਕਤੀਆਂ ਨੂੰ 84,20,000 ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਗਿਆ। ਇਸ ਮੌਕੇ ਤੇ ਐੱਸ.ਐੱਸ.ਪੀ ਡਾ. ਸਿਮਰਤ ਕੌਰ ਆਈ.ਪੀ.ਐੱਸ ਨੇ ਪ੍ਰੈਸ ਕਾਨਫਰੰਸ ਕਰਦੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਆਰੰਭੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਇਲਾਕੇ ‘ਚ ਚੌਕਸੀ ਵਧਾਈ ਗਈ। ਇਸ ਦੌਰਾਨ ਵੈਭਵ ਸਹਿਗਲ, ਪੀ.ਪੀ.ਐੱਸ, ਕਪਤਾਨ ਪੁਲਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ, ਗੁਰਦੇਵ ਸਿੰਘ, ਪੀ.ਪੀ.ਐੱਸ, ਉਪ ਕਪਤਾਨ ਪੁਲਸ, ਸਬ-ਡਵੀਜਨ ਮਾਲੇਰਕੋਟਲਾ ਅਤੇ ਦਲਵੀਰ ਸਿੰਘ, ਉਪ ਕਪਤਾਨ ਪੁਲਸ, ਕਾਂਊਟਰ ਇੰਟੈਲੀਜੈਂਸ ਪਟਿਆਲਾ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸੰਦੌੜ ਅਤੇ ਕਾਂਊਟਰ ਇੰਨਟੈਲੀਜੈਂਸ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋਂ ਮੁਖ਼ਬਰ ਦੀ ਇਤਲਾਹ ‘ਤੇ ਥਾਣਾ ਸੰਦੌੜ ਦੀ ਪੁਲਸ ਪਾਰਟੀ ਅਤੇ ਕਾਂਊਟਰ ਇੰਨਟੈਲੀਜੈਂਸ ਦੀ ਟੀਮ ਨੇ ਪਿੰਡ ਫਰਵਾਲੀ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ। ਇਸ ਮੌਕੇ ਉਹਨਾਂ ਨੇ ਟਰੱਕ ਨੰਬਰ ਪੀ.ਬੀ 13-ਏ.ਆਰ-9008 ਮਾਰਕਾ ਅਸੋਕਾ ਲੇਲੈਂਡ ਨੂੰ ਰੋਕਿਆ ਗਿਆ, ਜਿਸਦਾ ਡਰਾਇਵਰ ਗੁਰਦੀਪ ਸਿੰਘ ਪੁੱਤਰ ਬੂਟਾ ਸਿੰਘ ਅਤੇ ਕੰਡਕਟਰ ਸੰਦੀਪ ਉਈਕੇ ਪੁੱਤਰ ਨੰਦ ਕਿਸੋਰ ਉਈਕੇ ਸੀ। ਟਰੱਕ ਵਿਚ ਲੋਹੇ ਨੂੰ ਪਾਲਸ ਕਰਨ ਵਾਲਾ ਮਟੀਰੀਅਲ ਭਰਿਆ ਹੋਇਆ ਸੀ। ਸ਼ੱਕ ਦੇ ਆਧਾਰ ‘ਤੇ ਜਦੋਂ ਟਰੱਕ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ ਤਾਂ ਟਰੱਕ ਦੇ ਕੈਬਨ ਵਿੱਚੋਂ ਡਰਾਇਵਰ ਸੀਟ ਦੇ ਪਿਛਲੇ ਪਾਸਿਓਂ ਪਲਾਸਟਿਕ ਲਿਫਾਫੇ ਵਿੱਚੋਂ 20 ਕਿੱਲੋ ਅਫੀਮ ਬਰਾਮਦ ਹੋਈ। ਪੁਲਸ ਨੇ ਉਕਤ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਹਨਾਂ ਖ਼ਿਲਾਫ਼ ਥਾਣਾ ਸੰਦੋੜ ਵਿਖੇ ਐੱਨ.ਡੀ.ਪੀ.ਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ।

Advertisements

ਦੂਜੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਡਾ.ਸਿਮਰਤ ਕੌਰ ਆਈ.ਪੀ.ਐੱਸ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ ‘ਤੇ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ, ਮਾਹੋਰਾਣਾ ਦੀ ਟੀਮ ਅਤੇ ਕਾਂਊਟਰ ਇੰਟੈਲੀਜੈਂਸ, ਮਾਲੇਰਕੋਟਲਾ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਰਿਸ਼ੂ ਕੁਮਾਰ ਪੁੱਤਰ ਨਰੇਸ਼ ਕੁਮਾਰ ਅਤੇ ਲਖਵਿੰਦਰ ਕੁਮਾਰ ਉਰਫ ਲੱਕੀ ਪੁੱਤਰ ਫਕੀਰ ਚੰਦ ਤੋਂ ਜਾਅਲੀ ਕਰੰਸੀ 2,85,000/-ਰੁਪਏ ਬਰਾਮਦ ਕੀਤਾ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ-1 ਮਾਲੇਰਕੋਟਲਾ ਮੁਕੱਦਮਾ ਨੰਬਰ 46 ਧਾਰਾ 489ਏ, 489 ਬੀ, 489ਸੀ, 489ਡੀ, ਅਤੇ 120ਬੀ ਅਧੀਨ ਮਾਮਲਾ ਦਰਜ ਕਰ ਦਿੱਤਾ।

ਡਾ.ਸਿਮਰਤ ਕੌਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਰਿਸ਼ੂ ਕੁਮਾਰ ਅਤੇ ਲ਼ਖਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਜਾਅਲੀ ਕਰੰਸੀ ਅਮਿਤ ਗਿੱਲ ਪੁੱਤਰ ਬਲਦੇਵ ਰਾਜ ਵਾਸੀ ਮੋਨਵਾਨ ਮਨਸੂਰਵਾਲ ਦੋਨਾ, ਜ਼ਿਲ੍ਹਾ ਕਪੂਰਥਲਾ ਹਾਲ ਕਿਰਾਏਦਾਰ ਰਾਕੇਸ ਕੁਮਾਰ ਐੱਸ.ਬੀ.ਆਈ. ਕਲੋਨੀ ਨੇੜੇ ਬੁਆਏ ਹੋਸਟਲ ਸਹਾਰਨਪੁਰ, ਯੂ.ਪੀ ਪਾਸੋਂ ਲੈ ਕਰ ਆਏ ਸੀ। ਦੋਸ਼ੀ ਅਮਿਤ ਗਿੱਲ ਨੂੰ ਨਾਮਜ਼ਦ ਕਰਕੇ ਸੀ.ਆਈ.ਏ ਸਟਾਫ ਮਾਹੋਰਾਣਾ ਦੀ ਟੀਮ ਵੱਲੋਂ ਉਸਦੇ ਪਤੇ ‘ਤੇ ਰੇਡ ਕਰਕੇ ਦੋਸ਼ੀ ਅਮਿਤ ਗਿੱਲ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਜਾਅਲੀ ਕਰੰਸੀ 81,35,000/-ਰੁਪਏ ਸਮੇਤ ਇੱਕ ਕਲਰ ਪ੍ਰਿੰਟਰ, ਇੱਕ ਮੋਨੀਟਰ, ਇੱਕ ਕੀ ਬੋਰਡ, ਇੱਕ ਮਾਊਸ, ਛੋਟਾ ਸੀਪੀਯੂ, ਸਮਾਰਟ ਸਕੈਨਰ ਕਲਰ ਪ੍ਰਿੰਟਰ, ਇੱਕ ਲੈਮੀਨੇਸ਼ਨ ਮਸ਼ੀਨ, ਇੱਕ ਪੇਪਰ ਕਟਰ, ਇੱਕ ਸਕਰੀਨ ਬੋਰਡ ਜੋ ਲੱਕੜ ਦੀ ਫਰੇਮ ‘ਚ ਲੱਗਾ ਹੋਇਆ ਹੈ, ਬਰਾਮਦ ਕੀਤਾ। ਦੋਸ਼ੀਆਨ ਪਾਸੋਂ ਹੁਣ ਤੱਕ ਕੁੱਲ 84,20,000/-ਰੁਪਏ ਜਾਅਲੀ ਕਰੰਸੀ ਬਰਾਮਦ ਹੋਈ। ਐੱਸ.ਐੱਸ.ਪੀ ਡਾ.ਸਿਮਰਤ ਕੌਰ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਕਿ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here