
ਪਠਾਨਕੋਟ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪੱਧਰ ਦਾ ਆਜ਼ਾਦੀ ਦਿਵਸ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਲਟੀਪਰਪਜ ਖੇਡ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਨੇ 15 ਅਗਸਤ 2024 ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਕਰਨ ਸਬੰਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਭਿਸੇਕ ਸਰਮਾ ਸਹਾਇਕ ਕਮਿਸਨਰ ਜਨਰਲ, ਯੁਧਵੀਰ ਸਿੰਘ ਡੀ.ਡੀ.ਪੀ.ਓ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਸੁਨੀਲ ਚੰਦ ਐਸ.ਐਮ. ਓ. ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਠਾਨਕੋਟ, ਕੁਲਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ, ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ ਐਂਡ ਸੈਨੀਟੇਸਨ ਪਠਾਨਕੋਟ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਨੇ ਦੱਸਿਆ ਕਿ ਇਸ ਵਾਰ ਹਰ ਵਾਰ ਦੀ ਤਰ੍ਹਾਂ ਅਜਾਦੀ ਦਿਹਾੜਾ ਮਲਟੀਪਰਪਜ ਖੇਡ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ, ਮੁੱਖ ਮਹਿਮਾਨ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਪੰਜਾਬ ਪੁਲਿਸ, ਐਨ.ਸੀ.ਸੀ. ਦੀਆਂ ਟੁਕੜੀ ਤੋਂ ਸਲਾਮੀ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ‘ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਮੌਕੇ ਆਜ਼ਾਦੀ ਘੁਲਾਟੀਆਂ, ਵੱਖ ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ, ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਆਦਿ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀਆਂ ਕਮੇਟੀਆਂ ਗਠਿਤ ਕਰਕੇ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੀ ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਸਬੰਧੀ ਡਿਊਟੀ ਲਗਾਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਆਜ਼ਾਦੀ ਦਿਵਸ ਦੇ ਸਮਾਗਮ ਸਬੰਧੀ ਰਿਹਰਸਲਾਂ 7 ਤੇ 9 ਅਗਸਤ 2024 ਨੂੰ ਰਿਹਰਸਲ ਅਤੇ ਫੁਲ ਡਰੈਸ ਰਿਹਰਸਲ 13 ਅਗਸਤ, 2024 ਨੂੰ ਮਲਟੀਪਰਪਸ ਖੇਡ ਸਟੇਡੀਅਮ ਲਮੀਣੀ (ਪਠਾਨਕੋਟ) ਵਿਖੇ ਹੋਵੇਗੀ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਿਹਰਸਲਾਂ ਵਾਲੇ ਦਿਨ ਅਤੇ ਸਮਾਗਮ ਵਾਲੇ ਦਿਨ ਮੈਡੀਕਲ ਟੀਮ ਉਪਲਬੱਧ ਕਰਵਾਉਣ ਨੂੰ ਯਕੀਨੀ ਬਣਾਉਣ।












