
ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼)। ਸੁਲਤਾਨਪੁਰ ਲੋਧੀ ਵਿੱਚ ਦੋਸਤਾਂ ਨੇ ਆਪਣੇ ਹੀ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਜੋ ਕਿ ਦੁਬਈ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੀ ਘਰ ਆਇਆ ਸੀ। ਉਸਦਾ ਉਸਦੇ ਹੀ ਦੋਸਤਾਂ ਵੱਲੋਂ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ। ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਉਮਰ 29 ਸਾਲ ਵਾਸੀ ਪਿੰਡ ਕੁਤਬੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਜੋਂ ਕਿ 2 ਮਹੀਨੇ ਪਹਿਲਾਂ ਦੁਬਈ ਤੋਂ ਆਇਆ ਸੀ ਅਤੇ ਉਸ ਦੇ ਦੋਸਤ ਉਸ ਨੂੰ ਘਰੋਂ ਲੈ ਕੇ ਗਏ ਅਤੇ ਜਿਸ ਤੋ ਬਾਅਦ ਉਸਦਾ ਇਕ ਦੋਸਤ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਦਿੰਦਾ ਹੈ ਕਿ ਤੁਹਾਡਾ ਮੁੰਡਾ ਵੱਢ ਦਿੱਤਾ ਹੈ, ਉਸਦਾ ਇਲਾਜ ਕਰਵਾ ਲਓ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚਦੇ ਹਨ ਤਾਂ ਜਸਵਿੰਦਰ ਸਿੰਘ ਗੰਭੀਰ ਹਾਲਤ ਵਿੱਚ ਖੂਨ ਨਾਲ ਲੱਥ ਪੱਥ ਪਿੰਡ ਜੱਬੋਵਾਲ-ਰਾਮੇ ਮਾਰਗ ਦੇ ਖੇਤਾਂ ਵਿੱਚ ਪਿਆ ਹੋਇਆ ਮਿਲਿਆ ਅਤੇ ਉਸਦੇ ਸਰੀਰ ਤੇ ਤੇਜਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਜਖਮੀ ਹਾਲਤ ਵਿੱਚ ਉਸਨੂੰ ਤੁਰੰਤ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਥੋੜਾ ਸਮਾਂ ਇਲਾਜ ਕਰਨ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਉਨ੍ਹਾਂ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਜਸਵਿੰਦਰ ਸਿੰਘ ਦਾ ਉਸ ਦੇ ਦੋਸਤਾਂ ਨੇ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਜਦੋਂ ਇਸ ਘਟਨਾ ਦਾ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ’ਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












