
ਦਿੱਲੀ (ਦ ਸਟੈਲਰ ਨਿਊਜ਼)। ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਕ ਭਾਰਤੀ ਟਰੱਕ ਡਰਾਇਵਰ ਰਾਜਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਵੱਡੇ ਟਰੱਕ ਨੂੰ ਸੜਕ ’ਤੇ ਲਾਪਰਵਾਹੀ ਵਰਤਦਿਆਂ ਖੜ੍ਹਾ ਕਰ ਦਿੱਤਾ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

ਇਹ ਭਿਆਨਕ ਸੜਕ ਹਾਦਸਾ ਅਮਰੀਕਾ ਦੇ ਓਰੇਗਨ ਸੂਬੇ ਵਿਚ 24 ਨਵੰਬਰ ਦੀ ਰਾਤ ਨੂੰ ਵਾਪਰਿਆ, ਜਦੋਂ 32 ਸਾਲਾ ਭਾਰਤੀ ਟਰੱਕ ਡਰਾਇਵਰ ਰਾਜਿੰਦਰ ਕੁਮਾਰ ਨੇ ਆਪਣੇ ਟਰਾਲੇ ਨੂੰ ਰੋਡ ’ਤੇ ਖੜ੍ਹਾ ਕਰ ਦਿੱਤਾ, ਜਿਸ ਕਾਰਨ ਦੋਵੇਂ ਲੇਨਾਂ ਬੰਦ ਹੋ ਗਈਆਂ ਅਤੇ ਇਕ ਤੇਜ਼ ਰਫ਼ਤਾਰ ਆ ਰਹੀ ਕਾਰ ਟ੍ਰੇਲਰ ਨਾਲ ਟਕਰਾ ਗਈ। ਕਾਰ ਵਿਚ ਮੌਜੂਦ ਵਿਲੀਅਮ ਕਾਰਟਰ ਅਤੇ ਜੈਨੀਫਰ ਲੋਅਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਰਾਜਿੰਦਰ ਕੁਮਾਰ ਦੇ ਕੋਈ ਸੱਟ ਨਹੀਂ ਵੱਜੀ।
ਜਾਣਕਾਰੀ ਅਨੁਸਾਰ ਰਾਜਿੰਦਰ ਤਿੰਨ ਸਾਲ ਪਹਿਲਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ। ਹਾਦਸੇ ਤੋਂ ਬਾਅਦ ਪੁਲਿਸ ਨੇ ਕਥਿਤ ਤੌਰ ’ਤੇ ਰਾਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਏ ਜਾਣ ਦਾ ਨੋਟਿਸ ਜਾਰੀ ਕਰਨ ਦੀ ਖ਼ਬਰ ਮਿਲੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਮਾਰ 2022 ਵਿਚ ਏਰੀਜੋਨਾ ਦੇ ਰਸਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ, ਜਿਸ ਨੂੰ ਬਾਈਡੇਨ ਪ੍ਰਸ਼ਾਸਨ ਨੇ ਦੇਸ਼ ਰਿਹਾਅ ਕਰ ਦਿੱਤਾ ਸੀ ਅਤੇ ਕੈਲੀਫੋਰਨੀਆ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਸੀਡੀਐਲ ਦਿੱਤਾ ਗਿਆ ਸੀ।











