
ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਇੱਕ ਬੇਹੱਦ ਦੁਖਭਰੀ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕ ਟਰਾਂਜ਼ਿਟ ਬੱਸ ਦੀ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਕਈ ਵਾਹਨ ਆਪਸ ਵਿੱਚ ਟਕਰਾ ਗਏ। ਇਸ ਦੌਰਾਨ ਕੈਲਗਰੀ ਟਰਾਂਜ਼ਿਟ ਦੀਆਂ 2 ਬੱਸਾਂ ਨੂੰ ਅੱਗ ਲੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਬੱਸ ਦੀ ਛੱਤ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ।

ਪੁਲਿਸ ਸਟਾਫ਼ ਸਾਰਜੈਂਟ ਐਂਡੀ ਵੁੱਡਵਰਡ ਅਨੁਸਾਰ ਪਹਿਲੀ ਬੱਸ ਦੀ ਟੱਕਰ ਤੋਂ ਬਾਅਦ ਵਾਹਨਾਂ ਦੀ ਲੜੀਵਾਰ ਟੱਕਰ ਹੋਈ ਅਤੇ ਦੂਜੀ ਬੱਸ ਵੀ ਇਸ ਦੀ ਲਪੇਟ ਵਿੱਚ ਆ ਗਈ। ਦੂਜੀ ਬੱਸ ਕੁਦਰਤੀ ਗੈਸ ਨਾਲ ਚੱਲਦੀ ਸੀ, ਜਿਸ ਕਾਰਨ ਇਸ ਨੂੰ ਅੱਗ ਲੱਗ ਗਈ। ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਬੁਲਾਰੇ ਅਨੁਸਾਰ ਹਾਦਸੇ ਵਿੱਚ ਕੁੱਲ 19 ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚ 3 ਮ੍ਰਿਤਕ ਵੀ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਦੱਸਿਆ ਗਿਆ ਹੈ। 10 ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਸ ਦਰਦਨਾਕ ਘਟਨਾ ’ਤੇ ਕੈਲਗਰੀ ਦੇ ਮੇਅਰ ਜੇਰਮੀ ਫਾਰਕਾਸ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ। ਇਸ ਤੋਂ ਇਲਾਵਾ ਕੌਂਸਲਰ ਰਾਜ ਧਾਲੀਵਾਲ ਅਤੇ ਸੰਸਦ ਮੈਂਬਰਾਂ ਵੱਲੋਂ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ।












