
ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਵਿੱਚ ਰਹਿ ਰਹੇ ਦੋ ਪੰਜਾਬੀ ਨੌਜਵਾਨਾਂ ਨੂੰ ਸਰੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨਾਂ ਤੇ ਗੋਲਾਬਾਰੀ ’ਤੇ ਅਤੇ ਜਬਰਨ ਵਸੂਲੀ ਕਰਨ ਦੇ ਅਰੋਪ ਹਨ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦਮਨਜੀਤ ਸਿੰਘ ਨੂੰ 19 ਮਈ 2026 ਨੂੰ ਅਤੇ ਪਰਦਮਨ ਸਿੰਘ ਨੂੰ 1 ਜੂਨ, 2026 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। 30 ਸਾਲਾ ਪਰਦਮਨ ਸਿੰਘ ਵੀ ਇਨ੍ਹਾਂ ਹੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੋਵਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। 22 ਸਾਲਾ ਦਮਨਜੀਤ ਸਿੰਘ ‘ਤੇ ਗੋਲੀ ਚਲਾਉਣ ਅਤੇ ਬਿਨਾਂ ਲਾਇਸੈਂਸ ਦੇ ਪ੍ਰਤਿਬੰਧਿਤ ਜਾਂ ਵਰਜਿਤ ਹਥਿਆਰ ਰੱਖਣ ਦੇ ਅਰੋਪ ਲਗਾਏ ਗਏ ਹਨ।

ਸਰੀ ਪੁਲੀਸ ਸਰਵਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 22 ਅਪ੍ਰੈਲ ਨੂੰ ਰਾਤ ਕਰੀਬ 12:40 ਵਜੇ ਵਾਪਰੀ, ਜਦੋਂ ਐੱਸ.ਪੀ.ਐੱਸ. ਫਰੰਟਲਾਈਨ ਅਧਿਕਾਰੀਆਂ ਨੇ 13400 ਬਲਾਕ 87ਏ ਐਵੇਨਿਊ ਵਿੱਚ ਇੱਕ ਘਰ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਪੁਲੀਸ ਨੇ ਰਿਹਾਇਸ਼ ਅਤੇ ਇੱਕ ਵਾਹਨ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਐਕਸਟੌਰਸ਼ਨ ਰਿਸਪਾਂਸ ਟੀਮ ਨੇ ਜਾਂਚ ਦਾ ਜ਼ਿੰਮਾ ਸੰਭਾਲਿਆ, ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਅਤੇ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਹੋਰ ਐਸਪੀਐਸ ਯੂਨਿਟਾਂ ਦੇ ਸਹਿਯੋਗ ਨਾਲ ਇੱਕ ਸਰੀ ਰਿਹਾਇਸ਼ ‘ਤੇ ਤਲਾਸ਼ੀ ਵਾਰੰਟ ਲਾਗੂ ਕੀਤਾ।
ਪੁਲੀਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਚੱਲ ਰਹੀ ਜਾਂਚ ਵਿੱਚ ਸਹਾਇਤਾ ਲਈ ਖੁਲਾਸਾ ਕਰਨਾ ਜ਼ਰੂਰੀ ਹੈ ਅਤੇ ਗਵਾਹਾਂ, ਪੀੜਤਾਂ ਜਾਂ ਸਾਥੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਿੰਸਕ ਜਬਰਨ ਉਗਰਾਹੀ ਨਾਲ ਜੁੜੇ ਅਪਰਾਧਿਕ ਨੈੱਟਵਰਕਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਮਿਲ ਸਕੇ।












