
ਸ਼੍ਰੀ ਅੰਮ੍ਰਿਤਸਰ ਸਾਹਿਬ (ਦ ਸਟੈਲਰ ਨਿਊਜ਼)। 6 ਜੂਨ ਦੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਇਲਾਕੇ ਅਤੇ ਆਸ-ਪਾਸ ਦੇ ਬਾਜ਼ਾਰਾਂ ਵਿੱਚ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਅਤੇ ਗੋਲੀਬਾਰੀ ਕੀਤੀ ਗਈ। ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਅਤੇ ਸਥਾਨਕ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ‘ਵਿਨੋਦ ਕਰਿਆਨਾ ਸਟੋਰ’ ‘ਤੇ ਰਾਤ ਸਮੇਂ 4 ਤੋਂ 5 ਨੌਜਵਾਨ ਸਮਾਨ ਖਰੀਦਣ ਲਈ ਆਏ। ਦੁਕਾਨਦਾਰ ਵਿਨੋਦ ਮਲਹੋਤਰਾ ਮੁਤਾਬਕ ਨੌਜਵਾਨਾਂ ਨੇ ਕਰੀਬ 550 ਰੁਪਏ ਦਾ ਸਮਾਨ ਲਿਆ, ਪਰ ਗੁਗਲ ਪੇਅ ਰਾਹੀਂ ਸਿਰਫ਼ 230 ਰੁਪਏ ਹੀ ਅਦਾ ਕੀਤੇ। ਬਾਕੀ ਰਕਮ ਮੰਗਣ ‘ਤੇ ਬਹਿਸ ਸ਼ੁਰੂ ਹੋ ਗਈ, ਜੋ ਕੁਝ ਹੀ ਪਲਾਂ ਵਿੱਚ ਹਿੰਸਕ ਰੂਪ ਧਾਰ ਗਈ। ਆਰੋਪ ਹੈ ਕਿ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਦੁਕਾਨ ਵੱਲ ਅੰਨ੍ਹੇਵਾਹ 4 ਤੋਂ 5 ਰਾਊਂਡ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿੱਚ ਦੁਕਾਨ ਮਾਲਕ ਵਿਨੋਦ ਮਲਹੋਤਰਾ ਜ਼ਖ਼ਮੀ ਹੋ ਗਏ, ਜਦਕਿ ਨੇੜਲੇ ਢਾਬੇ ‘ਤੇ ਕੰਮ ਕਰ ਰਿਹਾ ਇੱਕ ਨੌਜਵਾਨ ਵੀ ਗੋਲੀ ਦੇ ਛੱਰੇ ਲੱਗਣ ਕਾਰਨ ਜ਼ਖ਼ਮੀ ਹੋਇਆ।

ਪੀੜਤ ਦੁਕਾਨਦਾਰ ਨੇ ਦੱਸਿਆ ਕਿ ਹਮਲਾਵਰ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਹ ਸਥਾਨਕ ਨਿਵਾਸੀ ਨਹੀਂ ਲੱਗ ਰਹੇ ਸਨ। ਉਨ੍ਹਾਂ ਕੋਲ ਦੋ ਕਾਰਾਂ ਸਨ ਅਤੇ ਉਹ ਕਰੀਬ ਇੱਕ ਘੰਟੇ ਤੱਕ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਈ ਰੱਖਦੇ ਰਹੇ। ਉਨ੍ਹਾਂ ਵੱਲੋਂ ਹੋਰ ਲੋਕਾਂ ਨਾਲ ਵੀ ਝਗੜੇ ਅਤੇ ਹਮਲੇ ਕਰਨ ਦੇ ਦੋਸ਼ ਲਗਾਏ ਗਏ ਹਨ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕਰਦਿਆਂ ਆਰੋਪੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ। ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰਿਆਂ ਅਤੇ ਹੋਰ ਸੁਰਾਗਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਸ਼ਾਮਲ ਤਿੰਨ ਆਰੋਪੀਆ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।












