
ਫਰੀਦਕੋਟ (ਦ ਸਟੈਲਰ ਨਿਊਜ਼)। ਫਰੀਦਕੋਟ ਦੇ ਪਿੰਡ ਟਹਿਣਾ ਨੇੜੇ ਅੱਜ ਸਵੇਰੇ ਇੱਕ 6 ਸਾਲ ਦੀ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਲਾਸ਼ ਨੂੰ ਸੂਏ ਵਿੱਚ ਸੁੱਟਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਰੋਸ ਦੀ ਲਹਿਰ ਦੌੜ ਗਈ। ਬੱਚੀ ਦੀ ਦੇਹ ਪੁਲ ਨੇੜੇ ਪਾਣੀ ਵਿੱਚ ਫਸੀ ਹੋਈ ਮਿਲੀ, ਜਿਸ ਦੇ ਹੱਥ ਅਤੇ ਪੈਰ ਬਾਰੀਕ ਲੋਹੇ ਦੀ ਤਾਰ ਨਾਲ ਬਹੁਤ ਬੇਰਹਿਮੀ ਨਾਲ ਬੰਨ੍ਹੇ ਹੋਏ ਸਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਤਲਾਂ ਨੇ ਪਹਿਲਾਂ ਬੱਚੀ ਦਾ ਬੇਰਹਿਮੀ ਨਾਲ ਕਤਲ ਕੀਤਾ ਅਤੇ ਫਿਰ ਸਬੂਤ ਮਿਟਾਉਣ ਦੀ ਨੀਅਤ ਨਾਲ ਦੇਹ ਨੂੰ ਨਹਿਰ ਵਿੱਚ ਰੋੜ੍ਹ ਦਿੱਤਾ।

ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਫਰੀਦਕੋਟ ਸ਼ਹਿਰ ਤੋਂ ਕਰੀਬ 3 ਕਿਲੋਮੀਟਰ ਦੂਰ ਸਥਿਤ ਪਿੰਡ ਟਹਿਣਾ ਦੇ ਚੌਕੀਦਾਰ ਜਗਸੀਰ ਸਿੰਘ ਨੇ ਸੂਏ ਵਿੱਚ ਫਸੀ ਹੋਈ ਲਾਸ਼ ਦੇਖੀ ਅਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਪਲਿਸ ਟੀਮ ਮੌਕੇ ’ਤੇ ਪਹੁੰਚੀ। ਸਥਾਨਕ ਸਮਾਜ ਸੇਵੀ ਸੰਸਥਾ ‘ਸਹਾਰਾ ਵੈਲਫੇਅਰ’ ਦੇ ਸੇਵਾਦਾਰਾਂ ਦੀ ਮਦਦ ਨਾਲ ਮਾਸੂਮ ਦੀ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਦੀ ਮੁਢਲੀ ਤਫ਼ਤੀਸ਼ ਅਨੁਸਾਰ ਬੱਚੀ ਦੇ ਹੱਥ-ਪੈਰ ਤਾਰਾਂ ਨਾਲ ਨੜੋਲ ਕੇ ਉਸ ਦਾ ਕਤਲ ਕੀਤਾ ਗਿਆ ਸੀ।
ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਸਬ-ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਦੇਹ ਨੂੰ ਪੋਸਟਮਾਰਟਮ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ ਦੀ ਸ਼ਨਾਖ਼ਤ ਕਰਨ ਅਤੇ ਕਾਤਲਾਂ ਦਾ ਸੁਰਾਗ ਲਗਾਉਣ ਲਈ ਆਸ-ਪਾਸ ਦੇ ਸਾਰੇ ਪਿੰਡਾਂ ਅਤੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨੇੜਲੇ ਥਾਣਿਆਂ ਵਿੱਚ ਦਰਜ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਸੂਮ ਦੀ ਪਹਿਚਾਣ ਕਰਕੇ ਆਰੋਪੀਆਂ ਤੱਕ ਪਹੁੰਚਿਆ ਜਾ ਸਕੇ।












