Saturday, October 17, 2026
Home Chandigarh ਇੰਡੋਨੇਸ਼ੀਆ ਤੋਂ ਡਿਪੋਰਟ ਕਰਵਾਕੇ ਪੰਜਾਬ ਲਿਆਂਦਾ ਜੋਬਨ ਬਿੱਲਾ

ਇੰਡੋਨੇਸ਼ੀਆ ਤੋਂ ਡਿਪੋਰਟ ਕਰਵਾਕੇ ਪੰਜਾਬ ਲਿਆਂਦਾ ਜੋਬਨ ਬਿੱਲਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਵਿੱਚ ਸ਼ਿਕੰਜਾ ਕੱਸਦਿਆਂ ਫ਼ਰਾਰ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਡਿਪੋਰਟ ਕਰਵਾ ਕੇ ਪੰਜਾਬ ਲਿਆਉਣ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡਾਇਰੈਕਟਰ ਜਨਰਲ ਆਫ਼ ਪੁਲੀਸ (DGP) ਗੌਰਵ ਯਾਦਵ ਨੇ ਦੱਸਿਆ ਕਿ AGTF ਨੇ ਪੰਜਾਬ ਪੁਲਿਸ ਦੇ ‘ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ’ (OFTEC) ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਇਸ ਕੌਮਾਂਤਰੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਸਰਹੱਦ ਪਾਰ ਚੱਲ ਰਹੇ ਸੰਗਠਿਤ ਅਪਰਾਧ ਖ਼ਿਲਾਫ਼ ਪੰਜਾਬ ਪੁਲਿਸ ਦੀ ਇੱਕ ਅਹਿਮ ਪ੍ਰਾਪਤੀ ਕਰਾਰ ਦਿੱਤਾ। ਅੰਮ੍ਰਿਤਸਰ ਦਿਹਾਤੀ ਦੇ ਪਿੰਡ ਅਰਜਨ ਮੰਗਾ ਦਾ ਰਹਿਣ ਵਾਲਾ ਜੋਬਨ ਬਿੱਲਾ ਬੰਬੀਹਾ ਗਿਰੋਹ ਦਾ ਸਰਗਰਮ ਮੈਂਬਰ ਹੈ, ਜੋ ਨਸ਼ਾ ਤਸਕਰੀ, ਫਿਰੌਤੀਆਂ ਵਸੂਲਣ ਅਤੇ ਗੈਂਗ ਦੇ ਹੋਰ ਮੈਂਬਰਾਂ ਨੂੰ ਲੌਜਿਸਟਿਕ ਮਦਦ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ।

Advertisements

ਪੁਲਿਸ ਰਿਕਾਰਡ ਮੁਤਾਬਕ ਉਹ ਪੰਜਾਬ ਵਿੱਚ ਚਾਰ ਕਤਲ ਕੇਸਾਂ ਵਿੱਚ ਲੋੜੀਂਦਾ ਸੀ, ਜਿਨ੍ਹਾਂ ਵਿੱਚ ਇੱਕ 13 ਸਾਲਾ ਬੱਚੇ ਦਾ ਕਤਲ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਉੱਤੇ ਕਤਲ ਦੀ ਕੋਸ਼ਿਸ਼, NDPS ਐਕਟ ਅਤੇ ਆਰਮਜ਼ ਐਕਟ ਤਹਿਤ 10 ਤੋਂ ਵੱਧ FIRs ਦਰਜ ਹਨ। ਬਿੱਲਾ ਸਾਲ 2023 ਵਿੱਚ ਪਿੰਡ ਸਠਿਆਲਾ ਵਿਖੇ ਹੋਏ ਜਰਨੈਲ ਸਿੰਘ ਦੇ ਹਾਈ ਪ੍ਰੋਫਾਈਲ ਕਤਲ ਕਾਂਡ ਵਿੱਚ ਵੀ ਨਾਮਜ਼ਦ ਹੈ। ਉਸ ਉੱਤੇ ਆਪਣੇ ਭਰਾ ਗੁਰਵਿੰਦਰ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਤੋਂ ਗੋਲੀਬਾਰੀ ਦੀਆਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਵੀ ਕਈ ਇਲਜ਼ਾਮ ਹਨ। ਪੁਲਿਸ ਗ੍ਰਿਫ਼ਤਾਰੀ ਤੋਂ ਬਚਣ ਲਈ ਉਹ ਦੁਬਈ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਟਿਕਾਣੇ ਬਦਲ ਕੇ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ। ਡੀਜੀਪੀ ਨੇ ਖ਼ੁਲਾਸਾ ਕੀਤਾ ਕਿ ਇਹ ਗ੍ਰਿਫ਼ਤਾਰੀ ਅਤੇ ਡਿਪੋਰਟੇਸ਼ਨ ‘ਅਪਰੇਸ਼ਨ ਨੋਮੈਡ ਹੰਟ’ ਦਾ ਨਤੀਜਾ ਹੈ। ਇਹ ਵਿਸ਼ੇਸ਼ ਮੁਹਿੰਮ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੀ ਸੀ, ਜਿਸ ਦੌਰਾਨ ਕੌਮੀਂ ਅਤੇ ਕੌਮਾਂਤਰੀ ਏਜੰਸੀਆਂ ਨਾਲ ਨਿਰੰਤਰ ਤਾਲਮੇਲ ਅਤੇ ਸੂਚਨਾਵਾਂ ਦੇ ਆਧਾਰ ’ਤੇ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ।

LEAVE A REPLY

Please enter your comment!
Please enter your name here