
ਚੰਡੀਗੜ੍ਹ (ਦ ਸਟੈਲਰ ਨਿਊਜ਼)। ਕੁਰਾਲੀ ਦੇ ਨਜ਼ਦੀਕ ਪੈਂਦੇ ਪਿੰਡ ਸਹੌੜਾ ਹਾਈਵੇਅ ਦੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਹਾਂ ਮ੍ਰਿਤਕ ਦੋਸਤਾਂ ਦੀ ਪਹਿਚਾਣ ਅਮਿਤ ਤੇ ਉਮੇਸ਼ ਕੁਮਾਰ ਵਜੋਂ ਹੋਈ ਹੈ। ਹਾਦਸੇ ਮਗਰੋਂ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਅਮਿਤ ਦੇ ਪਿਤਾ ਬਲਜੀਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹਨਾਂ ਦਾ ਪੁੱਤਰ ਚੱਪੜ ਚਿੜੀ ਸਥਿਤ ਸਵਰਾਜ ਫੈਕਟਰੀ ਵਿੱਚ ਕੰਮ ਕਰਦਾ ਸੀ। ਅਮਿਤ ਆਪਣੇ ਦੋਸਤ ਉਮੇਸ਼ ਕੁਮਾਰ ਨਾਲ ਮੋਹਾਲੀ ਸਾਈਡ ਤੋਂ ਖਰੜ ਵੱਲ ਆ ਰਹੇ ਸਨ। ਰਾਤ ਜਿਆਦਾ ਹੋਣ ਕਾਰਨ ਬਲਜੀਤ ਕੁਮਾਰ ਵੀ ਆਪਣਾ ਮੋਟਰਸਾਈਕਲ ਲੈ ਕੇ ਖਰੜ ਵਿਖੇ ਆਪਣੇ ਬੇਟੇ ਕੋਲ ਪਹੁੰਚ ਗਿਆ।

ਬਲਜੀਤ ਨੇ ਆਪਣੇ ਪੁੱਤਰ ਅਮਿਤ ਨੂੰ ਕਿਹਾ ਕਿ ਰਾਤ ਜਿਆਦਾ ਹੋ ਗਈ ਹੈ ਉਹ ਉਮੇਸ਼ ਨੂੰ ਵੀ ਆਪਣੇ ਨਾਲ ਕੁਰਾਲੀ ਲੈ ਚੱਲੇ। ਬਲਜੀਤ ਕੁਮਾਰ ਨੌਜਵਾਨਾਂ ਦੇ ਪਿੱਛੇ ਪਿੱਛੇ ਆਪਣਾ ਮੋਟਰਸਾਈਕਲ ਲੈ ਕੇ ਆ ਰਿਹਾ ਸੀ। ਅਚਾਨਕ ਇੱਕ ਤੇਜ਼ ਰਫਤਾਰ ਟੈਂਕਰ ਨੇ ਅੱਗੇ ਜਾ ਰਹੇ ਉਸਦੇ ਪੁੱਤਰ ਅਤੇ ਉਸਦੇ ਦੋਸਤ ਦੇ ਮੋਟਰਸਾਈਕਲ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਦੂਰ ਤੱਕ ਘਸੀਟਦਾ ਲੈ ਗਿਆ। ਹਾਦਸੇ ਵਿੱਚ ਦੋਨੇ ਨੌਜਵਾਨਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਬਲਜੀਤ ਕੁਮਾਰ ਇੱਕ ਪ੍ਰਾਈਵੇਟ ਵਹਿਕਲ ਦੀ ਮਦਦ ਨਾਲ ਉਹਨਾਂ ਨੂੰ ਪ੍ਰਭ ਆਸਰਾ ਹਸਪਤਾਲ ਕੁਰਾਲੀ ਲੈ ਕੇ ਆਇਆ। ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਜ਼ਖਮੀਆਂ ਨੂੰ ਮੋਹਾਲੀ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਦੋਨੇ ਨੌਜਵਾਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬਲਜੀਤ ਨੇ ਦੱਸਿਆ ਕਿ ਤੇਲ ਟੈਂਕਰ ਟਰੱਕ ਡਰਾਈਵਰ ਪਹਿਲਾਂ ਥੱਲੇ ਉਤਰਿਆ ਅਤੇ ਮੁੰਡਿਆਂ ਦੀ ਹਾਲਤ ਗੰਭੀਰ ਦੇਖਦਿਆਂ ਉਹ ਤੇਲ ਟੈਂਕਰ ਲੈਕੇ ਉਥੋਂ ਭੱਜ ਗਿਆ। ਮੌਕੇ ‘ਤੇ ਬਲਜੀਤ ਕੁਮਾਰ ਨੇ ਟਰੱਕ ਦਾ ਨੰਬਰ ਨੋਟ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।












