
ਕਪੂਰਥਲਾ (ਦ ਸਟੈਲਰ ਨਿਊਜ਼)। ਮਾਰਕਫੈੱਡ ਨੇੜੇ ਇਕ ਅਵਾਰਾ ਕੁੱਤੇ ਨੇ 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਹਮਲੇ ਵਿੱਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਮਾਰਕਫੈੱਡ ਦੇ ਨੇੜਲੇ ਮੁਹੱਲਿਆਂ ਵਿੱਚ ਕੁੱਤੇ ਨੇ 6 ਬੱਚਿਆਂ ਸਮੇਤ 15 ਵਿਅਕਤੀਆਂ ’ਤੇ ਹਮਲਾ ਕੀਤਾ। ਜ਼ਖ਼ਮੀਆਂ ਵਿੱਚ ਰੀਨਾ ਦੇਵੀ ਪਤਨੀ ਰਾਮ ਬਾਊ ਨਾਥ, ਵਰੁਣਜੋਤ (3), ਸੱਤਿਅਮ (4), ਅਭੀਨੂਰ ਸਿੰਘ (8), ਰੇਹੂ ਕੁਮਾਰੀ (3) ਤੇ ਮੋਨੂੰ ਕੁਮਾਰ (9) ਸ਼ਾਮਲ ਹਨ।
ਇਸ ਤੋਂ ਇਲਾਵਾ ਰਾਜਿੰਦਰ ਕੌਰ, ਸੰਜੀਵ ਕੁਮਾਰ, ਧਰਮਿੰਦਰ ਕੁਮਾਰ, ਅਰਵਿੰਦਰ ਮਾਥੋ, ਰਾਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਰਾਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ, ਰਾਜਵਿੰਦਰ ਕੌਰ ਅਤੇ ਮੁੱਤੀ ਦੇਵੀ ਵੀ ਕੁੱਤੇ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਕਿਸੇ ਦਾ ਵੱਡਾ ਜਾਨੀ ਨੁਕਸਾਨ ਨਾ ਹੋਵੇ।












