
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਬਹੁ-ਚਰਚਿਤ ਅਤੇ ਦਿਲ ਦਹਿਲਾ ਦੇਣ ਵਾਲੇ ਢਾਈ ਸਾਲਾਂ ਦੀ ਮਾਸੂਮ ਬੱਚੀ ਦਿਲਰੋਜ਼ ਕੌਰ ਨੂੰ ਜ਼ਿੰਦਾ ਦਫ਼ਨਾ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਦੋਸ਼ੀ ਔਰਤ ਨੀਲਮ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਹਾਈਕੋਰਟ ਦੇ ਹੁਕਮਾਂ ਅਨੁਸਾਰ ਹੁਣ ਮੁਲਜ਼ਮ ਮਹਿਲਾ ਨੂੰ 30 ਸਾਲ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ ਅਤੇ ਇਸ ਪੂਰੀ ਮਿਆਦ ਦੌਰਾਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਛੋਟ ਜਾਂ ਰਿਆਇਤ ਨਹੀਂ ਮਿਲੇਗੀ। ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਇਸ ਵਹਿਸ਼ੀਆਨਾ ਕਾਰੇ ਨੂੰ ‘ਵਿਰਲੇ ਤੋਂ ਵਿਰਲਾ’ ਮੰਨਦੇ ਹੋਏ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਜਾਣਕਾਰੀ ਅਨੁਸਾਰ ਬੱਚੀ ਦੇ ਪਿਤਾ ਆਪਣੇ ਬੱਚਿਆਂ ਲਈ ਅਕਸਰ ਵਧੀਆ ਖਿਡੌਣੇ ਅਤੇ ਹੋਰ ਵਸਤਾਂ ਲੈ ਕੇ ਆਉਂਦੇ ਸਨ, ਜਿਨ੍ਹਾਂ ਨੂੰ ਵੇਖ ਕੇ ਗੁਆਂਢ ਵਿੱਚ ਰਹਿੰਦੀ ਇਸ ਮਹਿਲਾ ਦੇ ਬੱਚੇ ਵੀ ਉਸੇ ਤਰ੍ਹਾਂ ਦੀ ਮੰਗ ਕਰਦੇ ਸਨ। ਮਹਿਲਾ ਆਰਥਿਕ ਤੰਗੀ ਕਾਰਨ ਉਨ੍ਹਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਸੀ ਕਰ ਪਾਉਂਦੀ, ਜਿਸ ਕਾਰਨ ਉਸ ਦੇ ਦਿਲ ਵਿੱਚ ਡੂੰਘੀ ਈਰਖਾ ਤੇ ਰੰਜਿਸ਼ ਪੈਦਾ ਹੋ ਗਈ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੇ ਮਾਸੂਮ ਬੱਚੀ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਜਿਸ ਤੋਂ ਬਾਅਦ 28 ਨਵੰਬਰ 2021 ਨੂੰ ਇਹ ਔਰਤ ਬੱਚੀ ਨੂੰ ਆਪਣੀ ਐਕਟਿਵਾ ਤੇ ਬਿਠਾ ਕੇ ਐਲਡੀਕੋ ਨੇੜੇ ਇੱਕ ਸੁੰਨਸਾਨ ਜਗ੍ਹਾ ਤੇ ਲੈ ਗਈ, ਜਿੱਥੇ ਉਸ ਨੇ ਪਹਿਲਾਂ ਹੀ ਇੱਕ ਟੋਆ ਪੁੱਟਿਆ ਹੋਇਆ ਸੀ। ਉਸ ਨੇ ਬੱਚੀ ਨੂੰ ਉਸੇ ਟੋਏ ਵਿੱਚ ਜ਼ਿੰਦਾ ਦਫ਼ਨਾ ਦਿੱਤਾ।

ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਉਹ ਮਾਸੂਮ ਨੂੰ ਸਕੂਟੀ ਤੇ ਲਿਜਾਂਦੀ ਹੋਈ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਉਸ ਦੀ ਹੀ ਨਿਸ਼ਾਨਦੇਹੀ ਤੇ ਬੱਚੀ ਨੂੰ ਬਰਾਮਦ ਕੀਤਾ ਗਿਆ ਸੀ। ਦੋ ਸਾਲ ਪਹਿਲਾਂ ਜਦੋਂ ਸੈਸ਼ਨ ਕੋਰਟ ਨੇ ਉਸ ਨੂੰ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ, ਤਾਂ ਉਹ ਜੱਜ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ ਅਤੇ ਰਹਿਮ ਦੀ ਭੀਖ ਮੰਗਦਿਆਂ ਬੋਲੀ ਸੀ- “ਜੱਜ ਸਾਹਿਬ, ਪਲੀਜ਼ ਮੈਨੂੰ ਬਖ਼ਸ਼ ਦਿਓ, ਮੇਰੇ ਵੀ ਦੋ ਬੱਚੇ ਹਨ।” ਹਾਲਾਂਕਿ, ਸੈਸ਼ਨ ਕੋਰਟ ਨੇ ਉਸ ਵੇਲੇ ਉਸ ਤੇ ਕਿਸੇ ਵੀ ਤਰ੍ਹਾਂ ਦੀ ਨਰਮੀ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਪਾਸੇ, ਹਾਈਕੋਰਟ ਦੇ ਤਾਜ਼ਾ ਫ਼ੈਸਲੇ ਤੋਂ ਬਾਅਦ ਮਾਸੂਮ ਬੱਚੀ ਦਾ ਪਰਿਵਾਰ ਸ਼ਨੀਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖੇਗਾ।
ਸੈਸ਼ਨ ਕੋਰਟ ਵੱਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਦੇ ਖ਼ਿਲਾਫ਼ ਨੀਲਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ 23 ਸਤੰਬਰ ਨੂੰ ਹਾਈਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਨੀਲਮ ਨੂੰ 30 ਸਾਲ ਤੱਕ ਸਲਾਖ਼ਾਂ ਪਿੱਛੇ ਹੀ ਰਹਿਣਾ ਪਵੇਗਾ ਅਤੇ ਇਸ ਦੌਰਾਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਜਾਂ ਪੈਰੋਲ ਨਹੀਂ ਮਿਲੇਗੀ।












