
ਬਟਾਲਾ (ਦ ਸਟੈਲਰ ਨਿਊਜ਼)। ਬਟਾਲਾ ਦੀ ਪੌਸ਼ ਫਰੈਂਡਜ਼ ਕਲੋਨੀ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਘਰੇਲੂ ਕਲੇਸ਼ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਕਰੀਬ 10 ਤੋਂ 12 ਸਾਲਾ ਮਾਸੂਮ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੇ ਆਰੋਪ ਲੱਗੇ ਹਨ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮ੍ਰਿਤਕ ਮਹਿਲਾ ਦਾ ਭਰਾ ਆਪਣੀ ਭਾਣਜੀ ਨੂੰ ਸਕੂਲ ਛੱਡਣ ਲਈ ਰੋਜ਼ਾਨਾ ਦੀ ਤਰ੍ਹਾਂ ਫ਼ੋਨ ਕਰ ਰਿਹਾ ਸੀ। ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਜਦੋਂ ਕਿਸੇ ਨੇ ਕਾਲ ਨਹੀਂ ਚੁੱਕੀ ਤਾਂ ਉਹ ਭੈਣ ਦੇ ਘਰ ਪਹੁੰਚਿਆ। ਘਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਤਾਲਾ ਤੋੜ ਕੇ ਅੰਦਰ ਦਾਖ਼ਲ ਹੋਣ ‘ਤੇ ਮਾਂ-ਧੀ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ।

ਮ੍ਰਿਤਕਾ ਦੇ ਭਰਾ ਨੇ ਆਰੋਪ ਲਾਇਆ ਕਿ ਉਸ ਦਾ ਜੀਜਾ ਨਸ਼ੇ ਦਾ ਆਦੀ ਸੀ ਅਤੇ ਅਕਸਰ ਘਰ ਵਿੱਚ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਉਸ ਅਨੁਸਾਰ ਦੋਵਾਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਘਰ ਨੂੰ ਬਾਹਰੋਂ ਤਾਲਾ ਲਾ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨਜ਼ ਬਟਾਲਾ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।












