
ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਦੇ ਸ਼ਹਿਰ ਲੈਂਗਲੀ ਵਿੱਚ ਪੰਜਾਬੀ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਉੱਥੇ ਹੀ ਦੂਜੇ ਪਾਸੇ, ਵਿੰਨੀਪੈਗ ਨੇੜੇ ਪੁਲਿਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਅਤੇ ਨਕਦੀ ਸਮੇਤ ਬਰਾਮਦ ਕੀਤਾ ਹੈ। ਲੈਂਗਲੀ ਵਿੱਚ ਮਾਰੇ ਗਏ ਵਿਅਕਤੀ ਦੀ ਪਹਿਚਾਣ ਪੁਲਿਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ ਹੈ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾਂ ਦਾ ਇੱਕ ਪੰਜਾਬੀ ਨੌਜਵਾਨ ਹੈ, ਜਿਸ ਦੀ ਪਹਿਚਾਣ ਜੀਵਨ ਜੌਹਲ ਵਜੋਂ ਦੱਸੀ ਜਾ ਰਹੀ ਹੈ। ਦੂਜੇ ਪਾਸੇ, ਵਿੰਨੀਪੈਗ ਬਰਾਮਦਗੀ ਬਾਰੇ ਪੁਲਿਸ ਨੇ ਦੋਵਾਂ ਵਿਅਕਤੀਆਂ ਦੀ ਪਹਿਚਾਣ ਰਵਿੰਦਰ ਚਾਹਲ (48) ਅਤੇ ਕੁਲਵਿੰਦਰ ਚਾਹਲ (38) ਵਜੋਂ ਕੀਤੀ ਹੈ, ਜੋ ਵੈਸਟ ਸੇਂਟ ਪਾਲ ਕਸਬੇ ਦੇ ਰਹਿਣ ਵਾਲੇ ਹਨ ਅਤੇ ਭਾਈਚਾਰੇ ਵਿੱਚ ਚੰਗੀ ਜਾਣ-ਪਛਾਣ ਰੱਖਦੇ ਹਨ। ਲੈਂਗਲੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵੇਨਿਊ ਸਥਿਤ ਪਲਾਜ਼ਾ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਇੱਕ ਮਹਿੰਗੀ ਕਾਰ ਵਿੱਚ ਗੋਲੀਆਂ ਨਾਲ ਜ਼ਖ਼ਮੀ ਨੌਜਵਾਨ ਤੜਫ਼ ਰਿਹਾ ਸੀ। ਉਹਨਾਂ ਦੱਸਿਆ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ 75 ਐਵੇਨਿਊ ਅਤੇ 232 ਸਟਰੀਟ ’ਤੇ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਨੂੰ ਹੱਤਿਆਰਿਆਂ ਦੀ ਹੀ ਕਾਰਵਾਈ ਮੰਨਿਆ ਜਾ ਰਿਹਾ ਹੈ। ਅਕਸਰ ਬਦਮਾਸ਼ਾਂ ਵੱਲੋਂ ਵੱਡੀ ਵਾਰਦਾਤ ਤੋਂ ਬਾਅਦ ਪਹਿਚਾਣ ਦੇ ਸਬੂਤ ਮਿਟਾਉਣ ਲਈ ਇਹ ਢੰਗ ਅਪਣਾਇਆ ਜਾਂਦਾ ਹੈ। ਵਿੰਨੀਪੈਗ ਨੇੜਲੀ ਘਟਨਾ ਬਾਰੇ ਉੱਥੋਂ ਦੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਵੈਸਟ ਸੇਂਟ ਪਾਲ ਕਸਬੇ ਦੇ ਇੱਕ ਘਰ ਦਾ ਤਲਾਸ਼ੀ ਵਾਰੰਟ ਲੈ ਕੇ ਜਾਂਚ ਕੀਤੀ ਗਈ। ਉੱਥੋਂ 13 ਮਾਰੂ ਹਥਿਆਰ, 2 ਹਜ਼ਾਰ ਕਾਰਤੂਸ, 20 ਹਜ਼ਾਰ ਡਾਲਰ ਨਕਦੀ ਅਤੇ ਹੋਰ ਕਈ ਤਰ੍ਹਾਂ ਦਾ ਨਜਾਇਜ਼ ਸਾਮਾਨ ਬਰਾਮਦ ਕੀਤਾ ਗਿਆ। ਪੁਲਿਸ ਅਨੁਸਾਰ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਅੱਜ ਉਨ੍ਹਾਂ ’ਤੇ 23 ਜੁਰਮ ਆਇਦ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।












