ਤੰਦਰੁਸਤ ਪੰਜਾਬ ਮੁਹਿਮ ਦੇ ਤਹਿਤ ਪਿੰਡ ਹਰਦੋਖਾਨਪੁਰ ਵਿਖੇ ਲਗਿਆ ਮਲੇਰਿਆਂ ਜਾਗਰੂਕਤਾ ਕੈਂਪ

ਹੁਸ਼ਿਆਰਪੁਰ,(ਦਾ ਸਟੈਲਰ ਨਿਊਜ਼)ਰਿਪੋਰਟ:ਗੁਰਜੀਤ ਸੋਨੂੰ। ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਕੌਮੀ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਅਧੀਨ ਮਲੇਰੀਆਂ ਜਾਗਰੂਕਤਾ ਕੈਂਪ ਦਾ ਆਯੋਜਨ ਪਿੰਡ ਹਰਦੋਖਾਨਪੁਰ ਵਿਖੇ ਡਾ. ਗੁਰਮੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ।

Advertisements

ਪਿੰਡ ਦੀ ਪੰਚਾਇਤ ਅਤੇ ਸਾਬਕਾ ਸਰਪੰਚ ਸੁਖਦੇਵ ਬਿੱਟਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਜਾਗਰੂਕਤਾ ਕੈਂਪ ਵਿੱਚ ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟਰ ਕਸ਼ਮੀਰ ਲਾਲ, ਐਲ.ਐਚ.ਵੀ. ਗਿਆਨ ਕੌਰ, ਏ.ਐਨ.ਐਮ. ਸੁਮਨ ਬਾਲਾ, ਮਲਟੀ ਪਰਪਜ਼ ਹੈਲਥ ਮੇਲ ਵਰਕਰ ਸੁਖਵਿੰਦਰਪਾਲ, ਪਿੰਡ ਦੀਆਂ ਆਸ਼ਾ ਵਰਕਰਾਂ ਸੁਮਨ ਬਾਲਾ, ਨੱਛਤਰ ਕੌਰ, ਹਰਜਿੰਦਰ ਕੌਰ, ਪਿੰਡ ਦੇ ਪੰਚਾਇਤ ਮੈਂਬਰ, ਪੇਂਡੂ ਸਿਹਤ ਤੇ ਸਫਾਈ ਕਮੇਟੀ ਦੇ ਮੈਂਬਰ ਅਤੇ ਪਿੰਡ ਨਿਵਾਸੀ ਸ਼ਾਮਿਲ ਹੋਏ।

ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਦੋ ਤਰਾਂ ਨਾਲ ਬੀਮਾਰੀਆਂ ਹੁੰਦੀਆਂ ਹਨ। ਜਿਨਾਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਸ਼ਾਮਿਲ ਹਨ। ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਹੈਜਾ,ਪੀਲੀਆ, ਟਾਈਫਾਈਡ, ਪੇਚਿਸ਼ ਆਦਿ ਤੋਂ ਬਚਾਅ ਲਈ ਜਰੂਰੀ ਹੈ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਿਆ ਜਾਵੇ ਅਤੇ ਪਾਣੀ ਉਬਾਲ ਕੇ ਹੀ ਪੀਤਾ ਜਾਵੇ।

ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਮਲੇਰੀਆਂ, ਡੇਂਗੂ ਅਤੇ ਚਿਕਨਗੁਨੀਆ ਆਦਿ ਸ਼ਾਮਿਲ ਹਨ ਤੋਂ ਬਚਾਅ ਜਰੂਰੀ ਹੈ ਕਿ ਮੱਛਰਾਂ ਦੇ ਪੈਦਾ ਹੋਣ ਨੂੰ ਰੋਕਿਆ ਜਾਵੇ ਅਤੇ ਇਸਦੇ ਕੱਟਣ ਤੋਂ ਬਚਾਅ ਕੀਤਾ ਜਾਵੇ। ਇਸ ਲਈ ਜ਼ਰੂਰੀ ਹੈ ਕਿ ਮੱਛਰ ਪੈਦਾ ਕਰਨ ਵਾਲੇ ਹਾਲਾਤ ਖਤਮ ਕੀਤੇ ਜਾਣ। ਲੋਕ ਇਸਦੇ ਫੈਲਣ ਦੇ ਕਾਰਣਾਂ, ਇਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਅਤੇ ਇਸਦੇ ਲੱਛਣਾਂ ਬਾਰੇ ਪੂਰੀ ਤਰਾਂ ਜਾਗਰੂਕ ਹੋਣ।

ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਤੇਜ਼ ਸਿਰਦਰਦ ਅਤੇ ਤੇਜ਼ ਬੁਖਾਰ ਹੋਵੇ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਹੋਵੇ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ ਮਹਿਸੂਸ ਹੋਵੇ, ਜੀਅ ਕੱਚਾ ਹੋਵੇ ਅਤੇ ਉਲਟੀਆਂ ਆਉਣ ਅਤੇ ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋ ਖੂਨ ਵਗੇ ਤਾਂ ਇਹ ਮਲੇਰੀਏ ਦਾ ਬੁਖਾਰ ਹੋ ਸਕਦਾ ਹੈ।  ਇਹ ਲੱਛਣ ਦਿਖਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ, ਆਪਣੇ ਆਪ ਕੋਈ ਵੀ ਦਵਾ ਨਾ ਲਓ।

ਕੈਂਪ ਦੌਰਾਨ ਹੋਰ ਜਾਣਕਾਰੀ ਸਾਂਝੀ ਕਰਦਿਆਂ ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਮਲੇਰੀਆ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਸ਼ਾਮ ਵੇਲੇ, ਤੜਕੇ ਵੇਲੇ ਅਤ ਰਾਤ ਨੂੰ ਕੱਟਦਾ ਹੈ। ਮੱਛਰ ਸਾਫ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਜਿਵੇਂ ਕਿ ਨਾਲੀਆਂ, ਛੱਪੜਾਂ ਦੇ ਪਾਣੀ, ਟੋਇਆਂ ਆਦਿ ਵਿੱਚ ਪਾਣੀ ਖੜਾ ਰਹੇ। ਇਸ ਲਈ ਜਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ। ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

 ਮੱਛਰਾਂ ਤੋਂ ਬਚਣ ਲਈ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ  ਆਦਿ ਦੀ ਵਰਤੋ ਕੀਤੀ ਜਾਵੇ। ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਛੱਪੜਾਂ ਦੇ ਖੜੇ ਪਾਣੀ ਵਿੱਚ ਗੰਬੂਜ਼ੀਆ ਮੱਛੀ ਪਾਈ ਜਾਵੇ ਜੋ ਕਿ ਪਾਣੀ ਵਿੱਚ ਪੈਦਾ ਹੋਣ ਵਾਲੇ ਮੱਛਰ ਦੇ ਲਾਰਵਾ ਨੂੰ ਖਾ ਜਾਂਦੀ ਹੈ ਜਿਸ ਨਾਲ ਮੱਛਰ ਪੈਦਾ ਨਹੀਂ ਹੁੰਦਾ। ਗੰਬੂਜ਼ੀਆ ਮੱਛੀ ਦਾ ਪੂੰਗ ਸਿਹਤ ਵਿਭਾਗ ਤੋਂ ਮੁਫ਼ਤ ਪ੍ਰਾਪਤ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here