ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਮਾਨ ਖਰੀਦਣ ਵਾਲੇ ਗ੍ਰਾਹਕਾਂ ਦੇ ਵੀ ਕੱਟੇ ਜਾਣ ਚਲਾਨ : ਵਧੀਕ ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਸਰਕਾਰ ਵਲੋਂ ਪਾਬੰਦੀਸ਼ਦਾ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਨਾਲ-ਨਾਲ ਸਮਾਨ ਖਰੀਦਣ ਵਾਲੇ ਗ੍ਰਾਹਕਾਂ ਦੇ ਵੀ ਚਲਾਨ ਕੱਟੇ ਜਾਣ। ਉਹਨਾਂ ਕਿਹਾ ਕਿ ਜੇਕਰ ਲੋਕ ਖੁਦ ਜਾਗਰੂਕ ਹੋ ਕੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਦੁਕਾਨਦਾਰਾਂ ਤੋਂ ਸਮਾਨ ਲੈਣਾ ਬੰਦ ਕਰ ਦੇਣ, ਤਾਂ ਖੁਦ-ਬ-ਖੁਦ ਇਹ ਸਮੱਸਿਆ ਖਤਮ ਹੋ ਜਾਵੇਗੀ। ਉਹ ਅੱਜ ਜਿਲਾਂ ਪ੍ਰਬੰਧਕੀ ਕੰਪਲੈਕਸ ਵਿਖੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵੱਖ-ਵੱਖ ਵਿਭਾਗਾਂ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

Advertisements

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਰਾਹੀਂ ਵੱਖ-ਵੱਖ ਵਿਭਾਗ ਵਿਸ਼ੇਸ਼ ਯੋਜਨਾ ਉਲੀਕ ਕੇ ਕੰਮ ਕਰਨ ਅਤੇ ਜ਼ਿਲ•ਾ ਨਿਵਾਸੀਆਂ ਨੂੰ ਸਾਫ਼-ਸਫ਼ਾਈ ਅਤੇ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਨ। ਉਹਨਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਪਿਛਲੇ ਕਈ ਸਾਲਾਂ ਤੋਂ ਹੁੰਦਾ ਆਇਆ ਹੈ। ਹੁਣ ਸਮਾਂ ਆ ਗਿਆ ਹੈ, ਕਿ ਲੋਕ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਮਾਨ ਲੈਣਾ ਬਿਲਕੁੱਲ ਬੰਦ ਕਰ ਦੇਣ ਅਤੇ ਆਰਗੈਨਿਕ ਤਰੀਕੇ ਨਾਲ ਬਣਾਏ ਗਏ ਲਿਫਾਫਿਆਂ ਦਾ ਹੀ ਪ੍ਰਯੋਗ ਕਰਨ। ਉਹਨਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਨਾਲ-ਨਾਲ ਜਿਹੜੇ ਗ੍ਰਾਹਕ ਦੁਕਾਨਦਾਰਾਂ ਤੋਂ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਮਾਨ ਖਰੀਦਦੇ ਹਨ, ਉਹਨਾਂ  ਦੇ ਵੀ ਸਖਤੀ ਨਾਲ ਚਲਾਨ ਕੱਟੇ ਜਾਣ। ਉਹਨਾਂ ਕਿਹਾ ਕਿ ਗ੍ਰਾਹਕ ਬਜਾਰੋਂ ਸਮਾਨ ਲਿਆਉਣ ਲਈ ਕੱਪੜੇ ਦੇ ਥੈਲਿਆਂ ਦਾ ਵੀ ਇਸਤੇਮਾਲ ਕਰ ਸਕਦੇ ਹਨ।

-ਕਿਹਾ, ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਕ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਅਧਿਕਾਰੀ

ਉਹਨਾਂ ਪੰਜਾਬ ਪ੍ਰਦੂਸ਼ੁਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਕਿਹਾ ਕਿ ਉਹ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਦੇ ਸਖਤੀ ਨਾਲ ਚਲਾਨ ਕੱਟਣ ਅਤੇ ਹਸਪਤਾਲਾਂ ਵਿੱਚ ਬਾਇਓ ਮੈਡੀਕਲ ਵੇਸਟ ਨੂੰ ਰੋਜ਼ਾਨਾ ਹਟਾਉਣ ਨੂੰ ਵੀ ਯਕੀਨੀ ਬਣਾਉਣ। ਉਹਨਾਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਆਪਣੇ ਖੇਤਰ ਵਿੱਚ ਪੈਂਦੇ ਵਾਰਡਾਂ ਅਤੇ ਨਾਲਿਆਂ ਦੀ ਸਫ਼ਾਈ ਕਰਨ ਅਤੇ ਇਕ ਯੋਜਨਾਬੱਧ ਤਰੀਕੇ ਨਾਲ ਸਾਰੇ ਕਸਬਿਆਂ ਵਿੱਚ ਫੌਗਿੰਗ ਕਰਵਾਉਣ। ਉਹਨਾਂ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਸਕੂਲ ਵਿੱਚ ਦੌਰਾ ਕਰਕੇ ਵਿਦਿਆਰਥੀਆਂ ਨੂੰ ਸਾਫ਼-ਸਫ਼ਾਈ ਅਤੇ ਸਿਹਤ ਸੰਭਾਲ ਸਬੰਧੀ ਕੈਂਪ ਲਗਾ ਕੇ ਜਾਣਕਾਰੀ ਦੇਣ ਲਈ ਕਿਹਾ। ਉਹਨਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਹਰੇਕ ਵਿਭਾਗ ਆਪਣੇ-ਆਪਣੇ ਪੱਧਰ ‘ਤੇ ਇਕ ਵਿਸ਼ੇਸ਼ ਮੁਹਿੰਮ ਉਲੀਕਣ, ਜਿਸ ਦਾ ਸਾਰੇ ਜਿਲਾਂ ਨਿਵਾਸੀਆਂ ਨੂੰ ਫਾਇਦਾ ਹੋਵੇ ਅਤੇ ਇਹ ਮੁਹਿੰਮ ਜਨ ਮੁਹਿੰਮ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਵੇ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਰਣਦੀਪ ਸਿੰਘ ਹੀਰ, ਅਤਿਰਿਕਤ ਸਹਾਇਕ ਕਮਿਸ਼ਨਰ ਪੀ.ਸੀ.ਐਸ. ਸ੍ਰੀ ਅਮਿਤ ਸਰੀਨ, ਜਿਲਾਂ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ, ਐਕਸੀਅਨ ਪ੍ਰਦੂਸ਼ਨ ਕੰਟਰੋਲ ਬੋਰਡ ਸ੍ਰੀ ਅਸ਼ੋਕ ਗਰਗ, ਜਿਲਾਂ ਮੰਡੀ ਅਫ਼ਸਰ ਸ੍ਰੀ ਤਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here