‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ 25 ਮੈਡੀਕਲ ਸਟੋਰਾਂ ਦੀ ਕੀਤੀ ਜਾਂਚ : ਏ.ਡੀ.ਸੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਿਥੇ ਵੱਖ-ਵੱਖ ਵਿਭਾਗਾਂ ਵਲੋਂ ਸਿਹਤਮੰਦ ਰਹਿਣ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਸਿਹਤ ਵਿਭਾਗ ਵਲੋਂ ਜ਼ਿਲੇ ਵਿੱਚ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ ਕਰਕੇ 57 ਸੈਂਪਲ ਭਰੇ ਗਏ ਹਨ। ਇਸ ਤੋਂ ਇਲਾਵਾ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ ਕਰਕੇ ਬਿਨਾਂ ਡਰੱਗ ਲਾਇਸੰਸ ਦੇ ਦੁਕਾਨਾਂ ਚਲਾਉਣ ਵਾਲੇ 2 ਦੁਕਾਨਦਾਰਾਂ ਖਿਲਾਫ਼ ਕਾਰਵਾਈ ਕਰਨ ਤੋਂ ਇਲਾਵਾ 25 ਮੈਡੀਕਲ ਸਟੋਰਾਂ ਦੀ ਜਾਂਚ ਵੀ ਕੀਤੀ ਗਈ ਹੈ।  ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ.ਰੇਨੂ ਸੂਦ ਦੀ ਅਗਵਾਈ ਹੇਠ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮਿਲਾਵਟ ਨੂੰ ਰੋਕਣ ਲਈ ਜਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਅਧੀਨ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ,

Advertisements

ਇਸ ਟੀਮ ਵਲੋਂ ਹੁਣ ਤੱਕ ਦੁੱਧ , ਪਨੀਰ, ਦੇਸੀ ਘਿਓ, ਫ਼ਲ, ਦੁੱਧ ਤੋਂ ਬਣੀਆਂ ਵਸਤਾਂ ਦੇ 57 ਸੈਂਪਲ ਭਰੇ ਗਏ ਹਨ ਅਤੇ ਸੈਂਪਲ ਲੈਣ ਤੋਂ ਬਾਅਦ ਖਰੜ ਸਥਿਤ ਸਰਕਾਰੀ ਲੈਬਾਰਟਰੀ ਵਿੱਚ ਜਾਂਚ ਲਈ ਭੇਜ ਦਿੱਤੇ ਗਏ ਹਨ।  ਉਹਨਾਂ ਕਿਹਾ ਕਿ ਜ਼ਿਲੇ ਵਿੱਚ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰਾਂ ਜ਼ੋਨਲ ਲਾਈਸੈਂਸਿੰਗ ਅਥਾਰਟੀ (ਡਰੱਗਜ਼), ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਹੁਸ਼ਿਆਰਪੁਰ ਜ਼ੋਨ ਰਾਜੇਸ਼ ਸੂਰੀ ਦੀ ਅਗਵਾਈ ਹੇਠ ਵੀ ਜ਼ਿਲੇ ਵਿੱਚ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਡਰੱਗਜ਼ ਤੇ ਕਾਸਮੈਟਿਕ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

-ਕਿਹਾ, ਹੁਣ ਤੱਕ ਖਾਣ-ਪੀਣ ਵਾਲੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਦੇ 57 ਸੈਂਪਲ ਵੀ ਭਰੇ

ਉਹਨਾਂ ਦੱਸਿਆ ਕਿ ਹੁਣ ਤੱਕ ਜਿਲੇ ਵਿੱਚ 57 ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਅਤੇ 2 ਮੈਡੀਕਲ ਸਟੋਰਾਂ ਨੂੰ ਬਿਨਾਂ ਡਰੱਗ ਲਾਇਸੰਸ ‘ਤੇ ਚਲਾਉਣ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵਲੋਂ ਕੈਮਿਸਟ ਐਸੋਸੀਏਸ਼ਨ ਨਾਲ ਸੈਮੀਨਾਰ ਲਗਾ ਕੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰਾਂ ਸਿਹਤ ਵਿਭਾਗ ਵਲੋਂ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਵੀ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਐਸ.ਪੀ.ਐਨ.ਕਾਲਜ ਮੁਕੇਰੀਆਂ, ਟਾਂਡਾ, ਚੱਕੋਵਾਲ ਅਤੇ ਮੰਡਭੰਡੇਰ ਵਿਖੇ ਨਸ਼ਾ ਰੋਕੂ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਰਾਹੀਂ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਸੁਕੰਨਿਆ ਮਾਤਰੱਵ ਅਭਿਆਨ ਰਾਹੀਂ ਗਰਭਵਤੀ ਮਹਿਲਾਵਾਂ ਨੂੰ ਹੈਲਥ ਚੈਕਅਪ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਤਰਾਂ ਹਾਜੀਪੁਰ ਵਿਖੇ ਮਲੇਰੀਆ ਦੀ ਰੋਕਥਾਮ ਸਬੰਧੀ ਵਰਕਸ਼ਾਪ, ਪ੍ਰਾਈਮਰੀ ਹੈਲਥ ਸੈਂਟਰ ਪੋਸੀ ਵਿਖੇ ਸੈਮੀਨਾਰ ਅਤੇ ਪੋਸਟਰ ਮੇਕਿੰਗ ਮੁਕਾਬਲੇ, ਪ੍ਰਾਈਮਰੀ ਹੈਲਥ ਸੈਂਟਰ ਚੱਕੋਵਾਲ ਵਿਖੇ ਮੈਡੀਕਲ ਚੈਕਅਪ ਅਤੇ ਜਾਗਰੂਕਤਾ ਕੈਂਪ, ਮੋਹਕਮਗੜ ਵਿਖੇ ਵਿਸ਼ੇਸ਼ ਕੈਂਪ, ਪੀ.ਐਚ.ਸੀ. ਭੋਲਕਲੋਤਾ ਵਿਖੇ ਸੈਮੀਨਾਰ ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਫ਼ਤਹਿਗੜ (ਹੁਸ਼ਿਆਰਪੁਰ) ਵਿਖੇ ਮੈਡੀਕਲ ਚੈਕਅਪ ਕੈਂਪ ਤੋਂ ਇਲਾਵਾ ਯੋਗ ਦੇ ਫਾਇਦਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

LEAVE A REPLY

Please enter your comment!
Please enter your name here